ਪੰਜਾਬ-(ਮਨਦੀਪ ਕੌਰ)-ਪੰਜਾਬ ਪੁਲਿਸ ਨੇ 78ਵੇਂ ਦਿਨ ਵੀ” ਯੁੱਧ ਨਸ਼ਿਆਂ ਵਿਰੁੱਧ ” ਜੰਗ ਨੂੰ ਜਾਰੀ ਰੱਖਦੇ ਹੋਏ ਇੱਕ ਵਿਸ਼ੇਸ਼ ਆਪਰੇਸ਼ਨ OPS ਸੀਲ -13 ਚਲਾਇਆ। ਜਿਸ ਦਾ ਵਿਸ਼ੇਸ਼ ਮਕਸਦ ਪੰਜਾਬ ਦੀ ਸਰਹੱਦ ਦੇ ਅੰਦਰ ਦਾਖਲ ਹੋਣ ਵਾਲੀਆਂ ਅਤੇ ਜਾਣ ਵਾਲੇ ਸਾਧਨਾ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣਾ ਹੈ। ਤਾਂ ਜੋ ਨਸ਼ੀਲੇ ਪਦਾਰਥਾ ਅਤੇ ਤਸਕਰਾਂ ਉੱਤੇ ਨਜ਼ਰ ਰੱਖੀ ਜਾ ਸਕੇ।
ਪੰਜਾਬ ਦੇ ਡੀਜੀਪੀ ਗੋਰਵ ਯਾਦਵ ਦੇ ਨਿਰਦੇਸ਼ਾਂ ਅਧੀਨ ਸਾਰੇ ਜਿਲਿਆਂ ਦੇ ਵਿੱਚ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ। ਉਹਨਾਂ ਨੇ ਪੰਜਾਬ ਦੇ ਸਾਰੇ ਸਰਹੱਦੀ ਜਿਲਿਆਂ ਦੇ ਐਸਐਸਪੀ ਨੂੰ ਸਰਹੱਦੀ ਜਿਲਿਆਂ ਵਿੱਚ ਮਹੱਤਵਪੂਰਨ ਥਾਵਾਂ ਤੇ ਨਾਕੇ ਲਗਾਉਣ ਅਤੇ SHO ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ਦੇ ਨਾਕੇ ਮਜਬੂਤ ਕਰਨਾ ਤੇ ਵੱਧ ਤੋਂ ਵੱਧ ਪੁਲਿਸ ਫੋਰਸ ਲਾਮਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਸ਼ੇਸ਼ ਡੀਜੀਪੀ ਕਾਨੂਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਕਿਹਾ ਕਿ 10 ਜਿਲਿਆਂ ਦੇ ਵਿੱਚ ਘੱਟੋ ਘੱਟ 92 ਐਂਟਰੀ ਅਤੇ ਐਗਜਿਟ ਪੁਆਇੰਟਾਂ ਤੇ ਇੰਸਪੈਕਟਰਾਂ ਅਤੇ ਡੀਐਸਪੀ ਨਿਗਰਾਨੀ ਹੇਠ 1000 ਤੋਂ ਵੱਧ ਕਰਮੀਆਂ ਦੇ ਤਾਲਮੇਲ ਵਾਲੇ ਮਜਬੂਤ ਨਾਕੇ ਸਥਾਪਿਤ ਕੀਤੇ ਗਏ ਹਨ।
ਇਹ ਜ਼ਿਲ੍ਹੇ 4 ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਲੱਗਦੇ ਹਨ। ਇਹ ਚੰਡੀਗੜ੍ਹ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ। 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਦਾਖਲ ਹੋਣ/ਜਾਣ ਵਾਲੇ 4244 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 511 ਦੇ ਚਲਾਨ ਕੀਤੇ ਗਏ ਅਤੇ 39 ਨੂੰ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਆਪਣਾ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (CASO) ਜਾਰੀ ਰੱਖਿਆ ਅਤੇ ਐਤਵਾਰ ਨੂੰ 490 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਸੂਬੇ ਭਰ ਵਿੱਚ 109 ਐਫਆਈਆਰ ਦਰਜ ਹੋਣ ਤੋਂ ਬਾਅਦ 136 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ, 78 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਕੁੱਲ ਗਿਣਤੀ 11860 ਤੱਕ ਪਹੁੰਚ ਗਈ ਹੈ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਕਬਜ਼ੇ ਵਿੱਚੋਂ 11.3 ਕਿਲੋਗ੍ਰਾਮ ਹੈਰੋਇਨ ਅਤੇ 3.48 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 95 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ 200 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ ਛਾਪੇਮਾਰੀ ਕੀਤੀ ਅਤੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 532 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ ਅਤੇ ਅਜਿਹੇ ਆਪ੍ਰੇਸ਼ਨ ਰਾਜ ਵਿੱਚੋਂ ਨਸ਼ੇ ਦੇ ਖ਼ਤਮ ਹੋਣ ਤੱਕ ਜਾਰੀ ਰਹਿਣਗੇ। ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਰਾਜ ਸਰਕਾਰ ਨੇ ਰਾਜ ਵਿੱਚੋਂ ਨਸ਼ੇ ਦੇ ਖ਼ਤਮ ਕਰਨ ਲਈ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਨਸ਼ਾ ਛੁਡਾਊ ਅਤੇ ਰੋਕਥਾਮ (ਈਡੀਪੀ) ਲਾਗੂ ਕੀਤੀ ਹੈ, ਜਿਸ ਤਹਿਤ ਪੰਜਾਬ ਪੁਲਿਸ ਨੇ ਅੱਜ ‘ਨਸ਼ਾ ਮੁਕਤੀ’ ਮੁਹਿੰਮ ਤਹਿਤ 103 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ।