ਜਲੰਧਰ -(ਮਨਦੀਪ ਕੌਰ )- ਬੀਤੀ ਰਾਤ ਜਲੰਧਰ ਦੇ ਸੰਤੋਸ਼ੀ ਨਗਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਾਮਲਾ ਕਾਜ਼ੀ ਮੰਡੀ ਦੇ ਸੰਤੋਸ਼ੀ ਨਗਰ ਦੇ ਵਿੱਚ ਪੈਂਦੀ ਗਲੀ ਨੰਬਰ 2 ਦਾ ਹੈ। ਜਿੱਥੇ ਬੀਤੀ ਦੇਰ ਰਾਤ 8 ਤੋਂ 10 ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹਨਾਂ ਬਦਮਾਸ਼ਾਂ ਵੱਲੋਂ ਨਾ ਸਿਰਫ ਇਸ ਨੌਜਵਾਨ ਤੇ ਜਾਨਲੇਵਾ ਹਮਲਾ ਕੀਤਾ ਗਿਆ ਸਗੋਂ ਗਲੀ ਦੇ ਵਿੱਚ ਹੋਰ ਮਕਾਨਾਂ ਦੇ ਉੱਤੇ ਵੀ ਪੱਥਰ ਇੱਟਾਂ ਮਾਰੇ ਗਏ ਇਸ ਤੋਂ ਇਲਾਵਾ ਗਲੀ ਦੇ ਵਿੱਚ ਖੜੇ ਮੋਟਰਸਾਈਕਲਾਂ ਦੇ ਵੀ ਸ਼ੀਸ਼ੇ ਤੋੜੇ ਗਏ। ਇਸ ਵਾਰਦਾਤ ਨੂੰ ਲੈ ਕੇ ਇਲਾਕੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।
ਜਖਮੀ ਨੌਜਵਾਨ ਦੇ ਭਰਾ ਮਿੰਟੂ ਨੇ ਦੱਸਿਆ ਕਿ ਇਹ ਮਾਮਲਾ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ । ਰਾਤ ਨੂੰ ਉਸ ਦਾ ਭਰਾ ਰਾਜੀਵ ਗੱਡੀ ਪਾਰਕ ਕਰ ਰਿਹਾ ਸੀ ਜਿਸ ਨੂੰ ਲੈ ਕੇ 2-3 ਮੁੰਡਿਆਂ ਦੇ ਨਾਲ ਕਹਾ ਸੁੰਨੀ ਹੋ ਗਈ। ਪਹਿਲੇ ਤਾਂ ਇਹ ਗੱਲ ਉਥੇ ਹੀ ਖਤਮ ਹੋ ਗਈ ਪਰ ਅੱਧੀ ਰਾਤ ਨੂੰ ਇਹ ਨੌਜਵਾਨ ਆਪਣੇ ਨਾਲ 8-10 ਮੁੰਡੇ ਹੋਰ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਗਲੀ ਦੇ ਵਿੱਚ ਆ ਗਏ।
ਜਿਸ ਤੋਂ ਬਾਅਦ ਆਰੋਪੀਆਂ ਵੱਲੋਂ ਰਜੀਵ ਨੂੰ ਰਸਤੇ ਦੇ ਵਿੱਚੋਂ ਰੋਕਿਆ ਗਿਆ ਅਤੇ ਉਸਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਆਸ ਪਾਸ ਦੇ ਘਰਾਂ ਦੇ ਵਿੱਚ ਇੱਟਾਂ ਰੋੜੇ ਵੀ ਚਲਾਏ ਗਏ ਤੇ ਗਲੀ ਦੇ ਵਿੱਚ ਖੜੇ ਮੋਟਰਸਾਈਕਲਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕਈ ਵਾਹਨਾਂ ਨੂੰ ਜਿਆਦਾ ਨੁਕਸਾਨ ਪਹੁੰਚਾਇਆ। ਆਰੋਪੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਉੱਤੋਂ ਫਰਾਰ ਹੋ ਗਏ।
ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਸ ਪਾਸ ਦੇ ਸੀਸੀਟੀਵੀ ਖੰਘਾਲਣੇ ਸ਼ੁਰੂ ਕਰ ਦਿੱਤੇ। ਨਾਲ ਹੀ ਉਥੋਂ ਦੇ ਨਿਵਾਸੀਆਂ ਵੱਲੋਂ ਬਣਾਏ ਗਏ ਨਿੱਜੀ ਮੋਬਾਇਲ ਦੀ ਵੀਡੀਓ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਰੋਪੀਆਂ ਦੀ ਪਹਿਚਾਨ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਾਨਬੀਨ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾਵਰ ਵੀ ਸੰਤੋਸ਼ੀ ਨਗਰ ਦੇ ਹੀ ਰਹਿਣ ਵਾਲੇ ਹਨ। ਪ੍ਰਸ਼ਾਸਨ ਵੱਲੋਂ ਸੰਤੋਸ਼ੀ ਨਗਰ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।

