ਗੁਰਦਾਸਪੁਰ -(ਮਨਦੀਪ ਕੌਰ)- ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਅੰਦਰ ਹੱਦਾਂ ਤੋਂ ਬਾਹਰ ਹੋਏ ਰਾਵੀ ਦਰਿਆ ਵਿੱਚ ਬੇਸ਼ੱਕ ਹੁਣ ਪਾਣੀ ਦਾ ਸਤਰ ਘੱਟ ਗਿਆ ਹੋਵੇ, ਪਰ ਇਸ ਦੇ ਬਾਵਜੂਦ ਇਸ ਪਾਣੀ ਦੀ ਮਾਰ ਹੇਠਾਂ ਆਏ ਪਿੰਡਾਂ ਦੇ ਹਾਲ ਨਰਕ ਵਰਗੇ ਬਣੇ ਹੋਏ ਹਨ। ਪਾਣੀ ਉਤਰਨ ਦੇ ਬਾਅਦ ਵੀ ਜਿਆਦਾਤਰ ਪਿੰਡਾਂ ਦੇ ਲੋਕ ਬਦ ਤੋ ਬਦਤਰ ਹਾਲਾਤਾਂ ਨਾਲ ਜੂਝ ਰਹੇ ਹਨ।ਗੁਰਦਾਸਪੁਰ ਜ਼ਿਲ੍ਹੇ ਅੰਦਰ ਰਾਵੀ ਦੇ ਪਾਣੀ ਦੀ ਮਾਰ ਕਰੀਬ 323 ਪਿੰਡਾਂ ਨੂੰ ਪਈ ਹੈ ਜਿੱਥੇ ਹੜ੍ਹ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਬਿਜਲੀ ਘਰ ਪ੍ਰਭਾਵਿਤ ਹੋਣ ਕਾਰਨ 187 ਪਿੰਡਾਂ ਦੀ ਬਿਜਲੀ ਸਪਲਾਈ ਵੀ ਪਿਛਲੇ ਤਿੰਨ ਦਿਨਾਂ ਤੋਂ ਠੱਪ ਪਈ ਹੋਈ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਨਾਲ ਸੰਬੰਧਿਤ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ।
ਬੀਤੇ ਦਿਨ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ‘ਤੇ ਦੇਖਣ ਵਿਚ ਆਇਆ ਕਿ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਪਰ ਧੁੱਸੀ ਬੰਨ੍ਹ ਤੋੜ ਕੇ ਵੱਖ-ਵੱਖ ਪਿੰਡਾਂ ਵਿੱਚ ਦਾਖਲ ਹੋਇਆ ਪਾਣੀ ਅਜੇ ਵੀ ਨੀਵਿਆਂ ਇਲਾਕਿਆਂ ਵਿੱਚ ਖੜ੍ਹਾ ਹੈ ਅਤੇ ਜਿਹੜੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ ਉੱਥੇ ਵੀ ਵੱਡੀ ਮਾਤਰਾ ਵਿਚ ਗੰਦਗੀ ਫੈਲੀ ਹੋਈ ਹੈ। ਇਸ ਦੇ ਨਾਲ ਹੀ ਹੁਣ ਕਲਾਨੌਰ ਅਤੇ ਆਸ-ਪਾਸ ਇਲਾਕਿਆਂ ਵਿਚ ਪਾਣੀ ਅਜੇ ਵੀ ਪਾਣੀ ਖੜ੍ਹਾ ਹੈ। ਦੂਰ ਤੱਕ ਖੇਤ ਪਾਣੀ ਵਿਚ ਡੁੱਬੇ ਦਿਖਾਈ ਦੇ ਰਹੇ ਹਨ।
ਗੁਰਦਾਸਪੁਰ ਤੋਂ ਕਲਾਨੌਰ ਰੋਡ ’ਤੇ ਸਥਿਤ ਨੜਾਂਵਾਲੀ ਅਤੇ ਆਸ-ਪਾਸ ਇਲਾਕੇ ਵਿੱਚ ਜਿਹੜੇ ਪਿੰਡ ਕਿਰਨ ਨਾਲੇ ਦੀ ਮਾਰ ਹੇਠ ਆਉਂਦੇ ਹਨ ਉੱਥੇ ਅਜੇ ਵੀ ਹਾਲਾਤ ਬੇਹਦ ਚਿੰਤਾਜਨਕ ਬਣੇ ਹੋਏ ਹਨ। ਗੁਰਦਾਸਪੁਰ ਹਲਕੇ ਦੇ ਪਿੰਡ ਸਿੰਘੋਵਾਲ ਚੱਗੂਵਾਲ ਹਰਦਾਨ ਅਤੇ ਆਸ ਪਾਸ ਇਲਾਕੇ ਵਿੱਚ ਵੀ ਅਜੇ ਜ਼ਿੰਦਗੀ ਆਮ ਵਰਗੀ ਨਹੀਂ ਹੋਈ ਅਤੇ ਪਾਣੀ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਅੰਦਰ ਇਸ ਮੌਕੇ ਸਭ ਤੋਂ ਵੱਡੀ ਸਮੱਸਿਆ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਵਿੱਚ ਬਣੀ ਹੋਈ ਹੈ ਜਦੋਂ ਕਿ ਦੁਰਾਂਗਲਾ, ਗੁਰਦਾਸਪੁਰ, ਦੀਨਾਨਗਰ ਸਮੇਤ ਹੋਰ ਇਲਾਕਿਆਂ ਵਿੱਚ ਵੀ ਲੋਕਾਂ ਦੇ ਹਾਲਾਤ ਸੁਖਾਵੇ ਨਹੀਂ ਹਨ। ਅੱਜ ਵੀ ਵੱਖ-ਵੱਖ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੜ ਨਾਲ ਪ੍ਰਭਾਵਿਤ ਪਿੰਡਾਂ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਬਣੀ ਹੋਈ ਹੈ। ਕਿਉਂਕਿ ਇਸ ਸਮੇਂ ਪਿੰਡ ਦੇ ਵਿੱਚ ਇਨੀ ਗੰਦਗੀ ਭਰ ਗਈ ਹੈ ਕਿ ਸਮਰਸੀਬਲ ਅਤੇ ਟੂਟੀਆਂ ਦੇ ਵਿੱਚ ਵੀ ਗੰਦਾ ਪਾਣੀ ਆ ਰਿਹਾ ਹੈ। ਬਹੁਤ ਹੀ ਜਗਹਾ ਉੱਪਰ ਬਿਜਲੀ ਦੀ ਸਪਲਾਈ ਠੱਪ ਹੋਣ ਦੇ ਕਾਰਨ ਮੋਟਰਾਂ ਵੀ ਨਹੀਂ ਚਾਲੂ ਹੋ ਰਹੀਆਂ ਜਿਸ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ।
ਇਹਨਾਂ ਪਿੰਡਾਂ ਦੇ ਵਿੱਚ ਲੋਕ ਸਮਾਜ ਸੇਵੀਆਂ ਅਤੇ ਸਰਕਾਰ ਵੱਲੋਂ ਪੰਚਾਇਤ ਜਾਣ ਵਾਲੇ ਪਾਣੀ ਉੱਪਰ ਹੀ ਨਿਰਭਰ ਹਨ। ਇਸ ਦੇ ਨਾਲ ਕਿਸਾਨਾਂ ਵੱਲੋਂ ਰੱਖੇ ਗਏ ਪਸ਼ੂ ਵੀ ਚਾਰੇ ਲਈ ਤਰਸ ਰਹੇ ਹਨ। ਬੇਸ਼ੱਕ ਕਿਸਾਨਾਂ ਵੱਲੋਂ ਪਸ਼ੂਆਂ ਦਾ ਢਿੱਡ ਭਰਨ ਲਈ ਕੋਈ ਨਾ ਕੋਈ ਹੀਲਾ ਵਸੀਲਾ ਕੀਤਾ ਜਾ ਰਿਹਾ ਹੈ। ਪਰ ਜ਼ਿਆਦਾ ਥਾਈ ਮੁਸ਼ਕਿਲ ਹਾਲਾਤ ਬਣਿਆ ਹੋਏ ਹਨ। ਜ਼ਿਆਦਾਤਰ ਪਿੰਡ ਅਜਿਹੇ ਹਨ ਜਿੱਥੇ ਜਾਣ ਲਈ ਅਜੇ ਵੀ ਰਸਤੇ ਪੂਰੀ ਤਰ੍ਹਾਂ ਸਾਫ ਨਹੀਂ ਹੋਏ ਜਿੱਥੇ ਰਾਹਤ ਸਮਗਰੀ ਪਹੁੰਚਾਉਣੀ ਅਜੇ ਵੀ ਆਸਾਨ ਕੰਮ ਨਹੀਂ ਹੈ।
ਹੜਾਂ ਦੀ ਇਸ ਮਾਰ ਨੇ ਆਮ ਲੋਕਾਂ ਦੇ ਜਨਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਸ ਦੀ ਭਰਭਾਈ ਬਹੁਤ ਲੰਬੇ ਸਮੇਂ ਤੱਕ ਨਹੀਂ ਕੀਤੀ ਜਾ ਸਕਦੀ।ਜਿਹੜੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਗਈਆਂ ਹਨ ਉਨ੍ਹਾਂ ਦੇ ਮੱਥੇ ‘ਤੇ ਵੀ ਚਿੰਤਾ ਦੀਆਂ ਲਕੀਰਾਂ ਦਿਖ ਰਹੀਆਂ ਹਨ। ਬੇਸ਼ੱਕ ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁਝ ਆਮ ਵਾਂਗ ਹੋ ਜਾਵੇਗਾ। ਪਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਇਸ ਪਾਣੀ ਨੇ ਤਬਾਹ ਕਰ ਦਿੱਤੀਆਂ ਹਨ ਉਹ ਹੁਣ ਕਈ ਸਾਲ ਆਪਣੀ ਆਮ ਰੂਟੀਨ ਵਿਚ ਨਹੀਂ ਆ ਸਕਣਗੇ।
ਅੱਜ ਕਲਾਨੌਰ ਨਾਲ ਸੰਬੰਧਿਤ ਅਨੇਕਾਂ ਕਿਸਾਨਾਂ ਨੇ ਗਾਲੜੀ ਹੈਡਵਰਕਸ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਹੈਡਵਰਕਸ ਦੇ ਗੇਟ ਜਲਦੀ ਤੋਂ ਜਲਦੀ ਖੋਲੇ ਜਾਣ ਤਾਂ ਜੋ ਵੱਖ-ਵੱਖ ਪਿੰਡਾਂ ਵਿਚ ਖੜ੍ਹਾ ਪਾਣੀ ਇਸ ਡਰੇਨ ਰਾਹੀਂ ਗਾਂਹ ਰਾਵੀ ਦਰਿਆ ਵਿੱਚ ਮਿਲ ਸਕੇ। ਉਨ੍ਹਾਂ ਕਿਹਾ ਕਿ ਗੇਟ ਪੂਰੀ ਤਰ੍ਹਾਂ ਨਾ ਖੋਲਣ ਕਾਰਨ ਇਸ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ ਅਤੇ ਹੁਣ ਵੀ ਜੇਕਰ ਸਮੇਂ ਸਿਰ ਇਹ ਗੇਟ ਖੋਲ ਦਿੱਤੇ ਜਾਣ ਤਾਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।