ਨਾਭਾ -(ਮਨਦੀਪ ਕੌਰ )- ਹੜਾਂ ਦੀ ਮਾਰ ਤੋਂ ਬਾਅਦ ਪਹਿਲੇ ਦਿਨ ਹੀ ਸਕੂਲ ਖੁੱਲਣ ਤੋਂ ਬਾਅਦ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਪਿੰਡ ਦੁਲਦੀ ਦੇ ਸੇਮ ਨਾਲੇ ਵਿੱਚ ਪਲਟ ਗਈ। ਇਹ ਬਸ ਇੰਡੋ ਬ੍ਰਿਟਿਸ਼ ਸਕੂਲ ਦੀ ਦੱਸੀ ਜਾ ਰਹੀ ਹੈ , ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਦੇ ਵਿੱਚ ਤਕਰੀਬਨ 20 ਵਿਦਿਆਰਥੀ ਸਵਾਰ ਸਨ। ਜਿਨਾਂ ਨੂੰ ਸੁਰੱਖਿਅਤ ਬੱਸ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਇਥੇ ਚੰਗੀ ਗੱਲ ਇਹ ਰਹੀ ਕਿ ਭਾਵੇਂ ਹਾਦਸਾ ਭਿਆਨਕ ਸੀ ਪਰ ਸਾਰੇ ਬੱਚੇ ਸੁਰੱਖਿਤ ਰਹੇ।
ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਨਾਭਾ ਹਲਕੇ ਦੇ ਪਿੰਡਾਂ ਤੋਂ ਬੱਚੇ ਲੈ ਕੇ ਸਕੂਲ ਵੱਲ ਆ ਰਹੀ ਸੀ। ਇਸ ਦੌਰਾਨ ਅਚਾਨਕ ਕਕਰਾਲਾ ਦੁਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿਚ ਸਕੂਲ ਬੱਸ ਪਲਟ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਵਿਦਿਆਰਥੀ ਦੇ ਦੱਸਣ ਮੁਤਾਬਕ ਸਾਹਮਣੇ ਤੋਂ ਇਕ ਵਾਹਨ ਆ ਗਿਆ, ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇਕਦਮ ਸੇਮ ਨਾਲੇ ਵਿਚ ਪਲਟ ਗਈ। ਦੂਜੇ ਪਾਸੇ ਪੁਲਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

