ਤਰਨ-ਤਾਰਨ -(ਮਨਦੀਪ ਕੌਰ )- ਤਰਨ ਤਾਰਨ ਦੇ ਵਿੱਚੋਂ ਫਿਰੋਤੀ ਦੀ ਮੰਗ ਨੂੰ ਚਲਦਿਆਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਬਸ ਸਟੈਂਡ ਦੇ ਕੋਲ ਸਥਿਤ ਫਾਈਵ ਸਟਾਰ ਇਮੀਗਰੇਸ਼ਨ ਸੈਂਟਰ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ। ਗਨੀਮਤ ਇਹ ਰਹੀ ਕਿ ਇਸਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਹਮਲਾਵਰਾਂ ਵੱਲੋਂ ਦਫਤਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ।
ਮਿਲੀ ਜਾਣਕਾਰੀ ਦੇ ਅਨੁਸਾਰ ਫੋਕਲ ਪੁਆਇੰਟ ਬਸ ਸਟੈਂਡ ਤਰਨ ਤਾਰਨ ਦੇ ਵਿੱਚ ਮੌਜੂਦ ਫਾਈਵ ਸਟਾਰ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਭੈਰੋਵਾਲ ਜਿਲਾ ਤਰਨ ਤਾਰਨ ਵਲੋ ਕੁਝ ਮਹੀਨੇ ਪਹਿਲਾਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਿ ਉਸਨੂੰ ਵਿਦੇਸ਼ੀ ਨੰਬਰ ਉੱਤੋਂ ਫੋਨ ਕਰਨ ਵਾਲੇ ਵਿਅਕਤੀ ਜੈਸਲ ਚੰਬਲ ਗੈਂਗਸਟਰ ਦਾ ਭਰਾ ਦੱਸਦੇ ਹੋਏ ਨੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ। ਜਿਸ ਦੀ ਸ਼ਿਕਾਇਤ ਐਸਐਸਪੀ ਨੂੰ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਸੀ। ਜਿਸ ਦੀ ਜਾਂਚ ਸੀਬੀਆਈ ਅਤੇ ਥਾਣਾ ਗੋਬਿੰਦਵਾਲ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਕੱਲ ਬੀਤੀ ਸ਼ਾਮ ਦੋ ਨਕਾਬ ਪੋਸ਼ ਵਿਅਕਤੀ ਮੋਟਰਸਾਈਕਲ ਉੱਤੇ ਆਉਂਦੇ ਹਨ ਅਤੇ ਗਵਾਂਡੀਆਂ ਕੋਲੋਂ ਆਫਿਸ ਦੇ ਮਾਲਕ ਦੇ ਅੰਦਰ ਹੋਣ ਬਾਰੇ ਪੁੱਛਦੇ ਹਨ ਅਤੇ ਫਿਰ ਦੂਜੀ ਮੰਜ਼ਿਲ ਉੱਤੇ ਸਥਿਤ ਆਫਿਸ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਗੋਲੀਆਂ ਚਲਾਉਣ ਤੋਂ ਤੁਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ ਹੈ।
ਇਸ ਸੰਬੰਧ ਵਿੱਚ ਸਿਟੀ ਥਾਣਾ ਤਰਨ ਤਾਰਨ ਦੇ ਮੁੱਖ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਇਹਨਾਂ ਨੇ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਸ਼ਿਕਾਇਤ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

