ਅੰਬਾਲਾ-(ਮਨਦੀਪ ਕੌਰ )- ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਜਿਸ ਨੇ ਚਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਬਣਾ ਦਿੱਤਾ ਹੈ। ਸੂਚਨਾ ਮਿਲਨ ਤੋਂ ਬਾਅਦ ਸ਼ਤਾਬਦੀ ਐਕਸਪ੍ਰੈਸ ਨੂੰ ਅੰਬਾਲਾ ਸਟੇਸ਼ਨ ਤੇ ਹੀ ਰੋਕ ਦਿੱਤਾ ਗਿਆ । ਹਾਲ ਦੇ ਵਿੱਚ ਹੀ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਾਸੀਆਂ ਨੂੰ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਸਫਰ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ।
ਅੰਬਾਲਾ ਪੁਲਿਸ, ਬੰਬ ਸਕੁਐਡ, ਆਰਪੀਐਫ ਅਤੇ ਜੀਆਰਪੀ ਟੀਮਾਂ ਨੇ ਲਗਭਗ ਡੇਢ ਘੰਟੇ ਤੱਕ ਰੇਲਗੱਡੀ ਦੀ ਤਲਾਸ਼ੀ ਲਈ। ਰੇਲਗੱਡੀ ਸਵੇਰੇ 4:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ ਅਤੇ ਸਵੇਰੇ 8:31 ਵਜੇ ਦੇ ਨਿਰਧਾਰਤ ਸਮੇਂ ‘ਤੇ ਅੰਬਾਲਾ ਪਹੁੰਚੀ। ਇਸ ਦੌਰਾਨ, ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਬੰਬ ਸਕੁਐਡ ਵੱਲੋਂ ਟ੍ਰੇਨ ਦੇ ਹਰ ਡੱਬੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਤੋਂ ਬਾਅਦ ਟ੍ਰੇਨ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਸਮੇਂ ਅੰਬਾਲਾ ਸਟੇਸ਼ਨ ‘ਤੇ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਜਾਂਚ ਕਰਨ ਆਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ 15 ਅਗਸਤ ਲਈ ਇੱਕ ਰੁਟੀਨ ਚੈਕਿੰਗ ਸੀ।
ਤਿੰਨ ਦਿਨ ਪਹਿਲਾਂ ਹੀ, ਖਾਲਿਸਤਾਨ ਪੱਖੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਆਪਣੇ ਸਾਥੀ ਜਸ਼ਨਪ੍ਰੀਤ ਸਿੰਘ ਦੇ ਕਥਿਤ ਮੁਕਾਬਲੇ ‘ਤੇ ਗੁੱਸੇ ਵਿੱਚ ਸਨ। ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਲੋਕਾਂ ਨੂੰ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ।
ਵੀਡੀਓ ਸੰਦੇਸ਼ ਵਿੱਚ, ਪੰਨੂ ਨੇ ਧਮਕੀ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਨ੍ਹਾਂ ਨੂੰ ਉਡਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ।

