ਜੰਮੂ-ਕਸ਼ਮੀਰ -ਪਹਿਲਗਾਮ ‘ਚ ਹਿੰਦੂ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਵੱਡਾ ਕਦਮ ਚੁੱਕਿਆ ਗਿਆ ਹੈ। ਬੈਸਰਾਨ ਘਾਟੀ ‘ਚ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰ ‘ਚ ਦਰਜਨਾਂ ਰਿਜ਼ੋਰਟ ਅਤੇ ਅੱਧੇ ਤੋਂ ਵੱਧ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਗਏ ਹਨ। ਉਮਰ ਅਬਦੁੱਲਾ ਸਰਕਾਰ ਨੇ ਇਹ ਸਾਵਧਾਨੀ ਵਾਲਾ ਕਦਮ ਪਹਿਲਗਾਮ ਦੀਆਂ ਖੂਬਸੂਰਤ ਘਾਟੀਆਂ ‘ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ‘ਚ 26 ਬੇਕਸੂਰ ਨਾਗਰਿਕਾਂ ਦੀ ਮੌਤ ਤੋਂ ਬਾਅਦ ਚੁੱਕਿਆ ਹੈ।
ਪ੍ਰਸ਼ਾਸਨ ਨੇ ਹੁਣ ਤੱਕ ਘੱਟੋ-ਘੱਟ 48 ਰਿਜ਼ੋਰਟ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੈਲਾਨੀਆਂ ਲਈ ਮਸ਼ਹੂਰ ਕਈ ਥਾਵਾਂ ਜਿਵੇਂ ਕਿ ਬਡਗਾਮ ਦੇ ਦੂਧਪਥਰੀ ਅਤੇ ਅਨੰਤਨਾਗ ਦੇ ਵੇਰੀਨਾਗ ਨੂੰ ਸੈਲਾਨੀਆਂ ਲਈ ਪਾਬੰਦੀਸ਼ੁਦਾ ਖੇਤਰ ਘੋਸ਼ਿਤ ਕੀਤਾ ਗਿਆ ਹੈ।ਖੂਬਸੂਰਤ ਵਾਦੀਆਂ ਅਤੇ ਪਹਾੜਾਂ ਲਈ ਮਸ਼ਹੂਰ ਜੰਮੂ-ਕਸ਼ਮੀਰ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਦੀ ਸਖਤ ਨਿਗਰਾਨੀ ‘ਚ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਚੁੱਕਿਆ ਗਿਆ ਹੈ ਅਤੇ ਸਥਿਤੀ ਆਮ ਹੋਣ ‘ਤੇ ਹੀ ਸੈਰ-ਸਪਾਟਾ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।ਸੁਰੱਖਿਆ ਬਲ ਦੇ ਇਕ ਅਧਿਕਾਰੀ ਅਨੁਸਾਰ ਘਾਟੀ ਦੇ ਹੋਰ ਸੈਰ-ਸਪਾਟਾ ਸਥਾਨ ਜੋ ਖੁੱਲ੍ਹੇ ਹਨ, ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ।
ਇੱਕ ਹਫ਼ਤਾ ਪਹਿਲਾਂ ਤੱਕ ਪਹਿਲਗਾਮ ਦਾ ਬਾਜ਼ਾਰ ਸੈਲਾਨੀਆਂ ਨਾਲ ਭਰਿਆ ਹੋਇਆ ਸੀ ਪਰ ਹੁਣ ਉੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਸਥਾਨਕ ਲੋਕਾਂ ਨੂੰ ਡਰ ਹੈ ਕਿ ਸੈਰ-ਸਪਾਟੇ ‘ਚ ਇਸ ਗਿਰਾਵਟ ਦਾ ਉਨ੍ਹਾਂ ਦੀ ਆਮਦਨ ‘ਤੇ ਵੱਡਾ ਅਸਰ ਪਵੇਗਾ। ਪਿਛਲੇ ਹਫਤੇ ਵਾਪਰੀ ਇਸ ਭਿਆਨਕ ਘਟਨਾ ਤੋਂ ਸ਼ਹਿਰ ਅਜੇ ਤੱਕ ਉਭਰਿਆ ਨਹੀਂ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਵੀ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਪੀੜਤਾਂ ਨਾਲ ਆਪਣੀ ਇਕਜੁੱਟਤਾ ਦਿਖਾਈ।ਪਹਿਲਗਾਮ ਹਮਲੇ ਤੋਂ ਬਾਅਦ ਸੈਲਾਨੀਆਂ ਵਿਚ ਡਰ ਦਾ ਮਾਹੌਲ ਹੈ, ਜਿਸ ਕਾਰਨ ਕਈ ਲੋਕ ਆਪਣੀਆਂ ਯਾਤਰਾਵਾਂ ਰੱਦ ਕਰ ਰਹੇ ਹਨ ਜਾਂ ਸਮੇਂ ਤੋਂ ਪਹਿਲਾਂ ਵਾਪਸ ਪਰਤ ਰਹੇ ਹਨ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।