ਪੰਜਾਬ -(ਮਨਦੀਪ ਕੌਰ )- ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਬਿਜਲੀ ਅਤੇ ਜਲ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਗਈ ਸੀ, ਜਿਸ ਕਰਕੇ ਇਸ ਖੇਤਰ ਦੇ ਨਾਲ ਲੱਗਦੇ ਕਈ ਹੋਰ ਪਿੰਡਾਂ ’ਚ ਵੀ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਹੀ ਹੁਣ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਸ਼ੁੱਕਰਵਾਰ ਦੋਬਾਰਾ ਬਿਜਲੀ ਸਪਲਾਈ ਸ਼ੁਰੂ ਹੋਣ ’ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਤਲਵੰਡੀ ਚੌਧਰੀਆਂ ਫੀਡਰ ਦੇ ਜੇ. ਈ. ਇੰਜੀਨੀਅਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੰਡ ਖੇਤਰ ਦੇ ਜ਼ਿਆਦਾ ਪਿੰਡਾਂ ’ਚ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਹੜ੍ਹ ਦੀ ਮਾਰ ਹੇਠਾਂ ਆਉਣ ਕਾਰਨ ਬਿਜਲੀ ਵਿਭਾਗ ਦੇ ਕਈ ਗਰਿੱਡ ਪੂਰੀ ਤਰ੍ਹਾਂ ਬੰਦ ਹੋ ਗਏ ਸਨ ਅਤੇ ਕਈ ਗਰਿੱਡਾਂ ’ਚ ਪਾਣੀ ਵੀ ਭਰ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਜਿਸ ਜਗ੍ਹਾ ਤੋਂ ਬੰਨ੍ਹ ਟੁੱਟਿਆ ਸੀ, ਉਥੇ ਦੇ ਕੁਝ ਏਰੀਏ ਤੇ ਡੇਰਿਆਂ ’ਚ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬਿਜਲੀ ਮੁਲਾਜ਼ਮ ਬਿਜਲੀ ਦਾ ਦੀ ਸਪਲਾਈ ਲਈ ਲੱਗੇ ਹੋਏ ਹਨ ਅਤੇ ਜਿਉਂ ਪਾਣੀ ਦਾ ਪੱਧਰ ਹੋਰ ਘਟੇਗਾ ਤੁਰੰਤ ਹੀ ਇਨ੍ਹਾਂ ਡੇਰਿਆਂ ’ਚ ਵੀ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ।
ਮੰਡ ਖੇਤਰ ’ਚ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਭਾਵੇਂ ਕਾਫ਼ੀ ਘੱਟ ਗਿਆ ਹੈ ਪਰ ਹਾਲੇ ਵੀ ਕਈ ਪਿੰਡ 5 ਤੋਂ 6 ਫੁੱਟ ਪਾਣੀ ’ਚ ਘਿਰੇ ਹੋਏ ਹਨ, ਜਿੱਥੇ ਹਾਲੇ ਵੀ ਸਥਿਤੀ ਚਿੰਤਾਜਨਕ ਹੈ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਹਾਲੇ ਸਿਰਫ਼ 10 ਫ਼ੀਸਦੀ ਲੋਕ ਆਪਣੇ ਘਰਾਂ ’ਚ ਪਹੁੰਚੇ ਹਨ, ਕਿਉਂਕਿ ਪਾਣੀ ਕਾਰਨ ਹਾਲੇ ਹਾਲਾਤ ਪਹਿਲਾਂ ਵਾਂਗ ਨਹੀਂ ਹੋਏ ਹਨ।
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਭਾਵੇਂ ਘੱਟ ਹੋ ਗਿਆ ਹੈ ਪਰ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂ ਬਾਊਪੁਰ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਪਰ ਇਹ ਰੇਤ ਨਹੀਂ ਹੈ, ਇਸ ’ਚ ਗੰਦੀ ਮਿੱਟੀ ਮਿਲੀ ਹੋਈ ਹੈ, ਜਿਸ ਕਾਰਨ ਇਸ ਰੇਤ ਨੂੰ ਵੇਚਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਖੇਤਾਂ ’ਚ ਪੰਜ ਫੁੱਟ ਦੇ ਕਰੀਬ ਰੇਤ ਪਿਆ ਹੈ, ਜਿਸ ਨੂੰ ਚੁੱਕਣਾ ਜਲਦ ਸੰਭਵ ਨਹੀਂ ਹੈ। ਕਿਸਾਨ ਬਲਵਿੰਦਰ ਸਿੰਘ ਪ੍ਰਤਾਪ ਸਿੰਘ ਨੇ ਦੱਸਿਆ ਕਿ ਖੇਤ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕੀ ਸਾਡੇ ਹੀ ਖੇਤ ਹਨ, ਜਿੱਥੇ ਇਕ ਮਹੀਨਾ ਪਹਿਲਾਂ ਝੋਨੇ ਦੀ ਫ਼ਸਲ ਲਹਿਰਾ ਰਹੀ ਸੀ ਅਤੇ ਹੁਣ ਇਹ ਜ਼ਮੀਨ ਨੇ ਰੇਗਿਸਤਾਨ ਦਾ ਰੂਪ ਧਾਰ ਕਰ ਲਿਆ ਹੈ।