ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਲਾਡੋ ਵਾਲੀ ਰੋਡ ਤੇ ਅੱਜ ਕਰੀਬ ਸਵੇਰੇ 5 ਵਜੇ ਤਿੰਨ ਦੋਸਤਾਂ ਦੇ ਐਕਸੀਡੈਂਟ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਦੋ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ । ਜਾਣਕਾਰੀ ਦੇ ਮੁਤਾਬਿਕ ਇਹ ਤਿੰਨੇ ਦੋਸਤ ਜਨਮਦਿਨ ਦੀ ਪਾਰਟੀ ਕਰਕੇ ਘਰ ਵਾਪਸ ਆ ਰਹੇ ਸਨ। ਅਤੇ ਇਹਨਾਂ ਦੀ ਐਕਟੀਵਾ ਦੀ ਰਫ਼ਤਾਰ ਜਿਆਦਾ ਹੋਣ ਕਰਕੇ ਇਹ ਖੰਬੇ ਨਾਲ ਟਕਰਾ ਗਈ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਹਾਦਸੇ ਦੇ ਵਿੱਚ ਵੰਸ਼ ਨਿਵਾਸੀ ਗੜਾ, ਸੁਨੀਲ ਨਿਵਾਸੀ ਸੰਸਾਰਪੁਰ ਦੀ ਮੌਤ ਹੋ ਗਈ। ਜਦ ਕਿ ਚੇਤਨ ਨਿਵਾਸੀ ਲਾਡੋਵਾਲੀ ਰੋਡ ਜਲੰਧਰ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ। ਪੁਲਿਸ ਨੇ ਮੌਕੇ ਉੱਤੇ ਆ ਕੇ ਦੋਨਾਂ ਦੀਆਂ ਬੋਡੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਵੰਸ਼ ਸੁਨੀਲ ਅਤੇ ਚੇਤਨ ਤਿੰਨੇ ਜਾਣੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਦਾ ਜਨਮਦਿਨ ਹੋਣ ਕਰਕੇ ਚੇਤਨ ਨੇ ਇਹ ਪਾਰਟੀ ਰੱਖੀ ਸੀ। ਸਾਰੀ ਰਾਤ ਤਿੰਨੇ ਦੋਸਤ ਪਾਰਟੀ ਕਰਦੇ ਰਹੇ ਅਤੇ ਸਵੇਰੇ ਤੜਕਸਾਰ 5 ਵਜੇ ਜਦੋਂ ਉਹ ਵਾਪਸ ਘਰ ਜਾ ਰਹੇ ਸਨ ਤਾਂ ਬਸ ਸਟੈਂਡ ਪਾਰ ਕਰਦਿਆਂ ਜਦੋਂ ਉਹ ਲਾਡੋ ਵਾਲੀ ਰੋਡ ਵੱਲ ਮੁੜੇ ਤਾਂ ਉਥੇ ਬਿਜਲੀ ਦੇ ਖੰਭੇ ਦੇ ਨਾਲ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋ ਉਛਲ ਕੇ ਸੜਕ ਉੱਤੇ ਡਿੱਗ ਗਏ।
ਉਥੇ ਦੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਐਂਬੂਲੈਂਸ ਅਤੇ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਸੁਨੀਲ ਅਤੇ ਵੰਸ਼ ਦੀ ਮੌਤ ਹੋ ਚੁੱਕੀ ਸੀ। ਅਤੇ ਚੇਤਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਚੇਤਨ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਬਾਕੀ ਪੋਸਟਮਾਰਟਮ ਤੋਂ ਬਾਅਦ ਦੋਨਾਂ ਦੋਸਤਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਬਾਕੀ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਚਲਦੇ 174 ਦੀ ਕਾਰਵਾਈ ਕੀਤੀ ਗਈ ਹੈ।