ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਇੱਕ ਸੁਚੱਜੀ ਤੇ ਗੁਪਤ ਕਾਰਵਾਈ ਦੌਰਾਨ ਪੁਲਸ ਨੇ ਤਿੰਨ ਖ਼ਤਰਨਾਕ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਕਾਰਵਾਈ ਗੁਮਟਾਲਾ ਚੌਂਕ ‘ਤੇ ਨਾਕਾਬੰਦੀ ਦੌਰਾਨ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 2 ਪਿਸਤੌਲ (.32 ਬੋਰ), 2 ਜ਼ਿੰਦਾ ਕਾਰਤੂਸ, 1 ਪਿਸਤੌਲ (.315 ਬੋਰ) ਨਾਲ 2 ਕਾਰਤੂਸ ਅਤੇ ਇੱਕ ਸਵਿਫਟ ਕਾਰ ਜ਼ਬਤ ਕੀਤੀ। ਬੇਅੰਤ ਦੇ ਖੁਲਾਸੇ ‘ਤੇ ਗੁਰਪਿੰਦਰ ਸਿੰਘ ਉਰਫ਼ ਸਾਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਯੋਧਬੀਰ ਸਿੰਘ ਉਰਫ਼ ਯੋਧਾ ਨੂੰ ਵੀ ਕਾਬੂ ਕੀਤਾ ਗਿਆ, ਜਿਸ ਤੋਂ 3 ਪਿਸਤੌਲ (.32 ਬੋਰ) ਅਤੇ 1 ਰਿਵਾਲਵਰ (.32 ਬੋਰ) ਬਰਾਮਦ ਹੋਏ।
ਕੁੱਲ ਬਰਾਮਦਗੀ ਵਿੱਚ 5 ਪਿਸਤੌਲ (.32 ਬੋਰ), 1 ਰਿਵਾਲਵਰ (.32 ਬੋਰ), 1 ਪਿਸਤੌਲ (.315 ਬੋਰ), 4 ਜ਼ਿੰਦਾ ਕਾਰਤੂਸ ਅਤੇ 1 ਕਾਰ ਸ਼ਾਮਲ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨੋ ਮੁਲਜ਼ਮ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਪਹਿਲਾਂ ਵੀ ਗ੍ਰਿਫ਼ਤਾਰ ਹੋ ਚੁੱਕੇ ਹਨ। ਬੇਅੰਤ ਸਿੰਘ ਦੇ ਖਿਲਾਫ 3, ਜਦਕਿ ਯੋਧਬੀਰ ਸਿੰਘ ਦੇ ਖਿਲਾਫ 4 ਪੁਰਾਣੇ ਕੇਸ ਦਰਜ ਹਨ।
ਪੁਲਸ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਗੈਂਗਸਟਰਾਂ ਦੇ ਹਥਿਆਰਾਂ ਦੀ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸਲਾ ਐਕਟ ਅਨੁਸਾਰ ਥਾਣਾ ਕੰਟਾਉਨਮੈਂਟ ਵਿੱਚ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ