ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਜਗਰਾਵਾਂ ਦੇ ਵਿੱਚ ਕੱਲ ਹੋਏ ਕਬੱਡੀ ਖਿਲਾੜੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕੇ ਕਬੱਡੀ ਖਿਲਾੜੀ ਤੇਜਪਾਲ ਸਿੰਘ ਦੇ ਕਤਲ ਦੀ ਜਿੰਮੇਵਾਰੀ ਜੱਸੂ ਕੁਮ ਗੈਂਗ ਅਤੇ ਬਰਾੜ ਚੜਿਕ ਨੇ ਲਈ ਹੈ। ਇਸ ਗੈਂਗ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਤੇਜਪਾਲ ਸਿੰਘ ਦਾ ਕਤਲ ਦੀ ਜਿੰਮੇਵਾਰੀ ਜੱਸੂ ਕੁਮ ਗੈਂਗ ਅਤੇ ਬਰਾੜ ਚੜਿਕ ਗੈਂਗ ਨੇ ਲਈ ਹੈ। ਸਾਡੀ ਗੈਂਗ ਵੱਲੋਂ ਹੀ ਕਬੱਡੀ ਖਿਲਾੜੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।
ਇਸ ਪੋਸਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਕਤਲ ਇੱਕ ਨਿੱਜੀ ਰੰਜਿਸ਼ ਦੇ ਕਰਕੇ ਕੀਤਾ ਗਿਆ ਹੈ। ਮ੍ਰਿਤਕ ਦੇ ਪਿਤਾ ਰਘੂਬੀਰ ਸਿੰਘ ਨੇ ਦੱਸਿਆ ਕਿ ਆਰੋਪੀ ਗਗਨਾ ਅਤੇ ਹਨੀ ਵੱਲੋਂ ਉਸਦੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਦਾ ਭਰਾ 8-9 ਮੁੰਡਿਆਂ ਦੇ ਨਾਲ ਦੁਬਾਰਾ ਆਇਆ ਅਤੇ ਆ ਕੇ ਤੇਜਪਾਲ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਜਾਂਦੇ ਹੋਏ ਉਸਦੇ ਸੀਨੇ ਦੇ ਵਿੱਚ ਗੋਲੀ ਮਾਰ ਗਏ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਹਨੀ, ਗਗਨ ਅਤੇ ਕਾਲਾ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਅਗਿਆਤ 8-9 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸਨੂੰ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਅਜੇ ਤੱਕ ਪੁਲਿਸ ਵੱਲੋਂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਦੋਂ ਇਸ ਬਾਰੇ ਦੇ ਵਿੱਚ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਤਿੰਨ ਅਲਗ ਅਲਗ ਟੀਮਾਂ ਬਣਾਈਆਂ ਗਈਆਂ ਹਨ ਅਤੇ ਸਾਰੀਆਂ ਹੀ ਟੀਮਾਂ ਅਲੱਗ ਅਲੱਗ ਜਗ੍ਹਾ ਤੇ ਛਾਪੇਮਾਰੀ ਕਰ ਰਹੀਆਂ ਹਨ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਅੱਜ ਦੁਪਹਿਰ ਨੂੰ ਤੇਜਪਾਲ ਸਿੰਘ ਦਾ ਪੋਸਟਮਾਰਟਮ ਕੀਤਾ ਜਾਏਗਾ ਅਤੇ ਬਾਅਦ ਵਿੱਚ ਉਸ ਦੀ ਦੇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦਈਏ ਤੇਜਪਾਲ ਸਿੰਘ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਤੇਜਪਾਲ ਸਿੰਘ ਦਾ ਸੰਸਕਾਰ ਉਸ ਦੀ ਭੈਣ ਦਾ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।

