ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਰਾਮਾ ਮੰਡੀ , ਏਕਤਾ ਨਗਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਵਿੱਚ ਇੱਕ ਮੇਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ। ਜਖਮੀ ਮਹਿਲਾ ਦੀ ਪਹਿਚਾਨ ਸੁਖਵਿੰਦਰ ਵਰਮਾ ਦੇ ਰੂਪ ਵਿੱਚ ਹੋਈ ਹੈ ।
ਬਸਤੀ ਦਾਨਿਸ਼ਮੰਦਾ ਤੇ ਰਹਿਣ ਵਾਲੇ ਸਨੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾ ਦਿੱਤੀ ਗਈ। ਅਤੇ ਅੱਗ ਲਗਾਉਣ ਤੋਂ ਬਾਅਦ ਉਹ ਮੌਕੇ ਉੱਤੋਂ ਫਰਾਰ ਹੋ ਗਿਆ। ਉੱਥੇ ਹੀ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਹਿਲਾ ਰਾਮਾ ਮੰਡੀ ਦੇ ਏਕਤਾ ਨਗਰ ਦੇ ਵਿੱਚ ਰਹਿੰਦੀ ਸੀ। ਇਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਜਖਮੀ ਔਰਤ ਦੇ ਤਿੰਨ ਛੋਟੇ ਛੋਟੇ ਬੱਚੇ ਹਨ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਦੋ ਬੱਚੇ ਔਰਤ ਦੇ ਨਾਲ ਹੀ ਸਨ ।
ਦੱਸਿਆ ਜਾ ਰਿਹਾ ਹੈ ਕਿ ਮੁਜਰਿਮ ਪੀੜਤਾ ਦੇ ਘਰ ਦੇ ਵਿੱਚ ਸਬਜ਼ੀ ਦੇਣ ਆਉਂਦਾ ਸੀ। ਉਹ ਬਜ਼ੁਰਗ ਆਦਮੀ ਰਾਤੀ ਉਸਦੇ ਘਰ ਆਇਆ ਤੇ ਉਸ ਨੂੰ ਵਿਆਹ ਕਰਾਉਣ ਲਈ ਕਹਿਣ ਲੱਗਾ ਮੇਲਾ ਦੇ ਇਨਕਾਰ ਕਰਨ ਤੋਂ ਬਾਅਦ ਉਸਨੇ ਉਸਦੇ ਨਾਲ ਜਬਰਦਸਤੀ ਵਿਆਹ ਕਰਾਉਣ ਦਾ ਜ਼ੋਰ ਪਾਉਣਾ ਸ਼ੁਰੂ ਕੀਤਾ ਮੇਲਾਂ ਵੱਲੋਂ ਉਸ ਦੇ ਥੱਪੜ ਜੜ ਦਿੱਤਾ ਗਿਆ। ਜਿਸ ਘਟਨਾ ਤੋਂ ਬਾਅਦ ਉਹ ਉਥੋਂ ਚਲਾ ਗਿਆ। ਇਸ ਘਟਨਾ ਦੀ ਥੋੜੀ ਦੇਰ ਬਾਅਦ ਉਕਤ ਵਿਅਕਤੀ ਫਿਰ ਘਰ ਆਇਆ ਅਤੇ ਉਸਦੇ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਸੀ। ਉਹ ਵਿਅਕਤੀ ਘਰ ਦੀ ਕੰਧ ਟੱਪ ਕੇ ਅੰਦਰ ਵੜਿਆ ਅਤੇ ਕੂਲਰ ਸਾਈਡ ਉੱਤੇ ਕਰਕੇ ਪੈਟਰੋਲ ਪਾ ਕੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਉੱਤੋਂ ਫਰਾਰ ਹੋ ਗਿਆ।
ਇਸ ਘਟਨਾ ਦੇ ਵਿੱਚ ਦੋ ਬੱਚੇ ਅਤੇ ਔਰਤ ਜਖਮੀ ਹੋ ਗਏ ਜਦ ਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਔਰਤ ਦਾ ਸਰੀਰ ਹੱਦ ਤੋਂ ਜਿਆਦਾ ਸੜ ਚੁੱਕਿਆ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਬੱਚਿਆਂ ਦੁਆਰਾ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦਿੱਤੀ ਗਈ। ਪੀੜਤਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਵੱਲੋਂ ਉਸ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਹੁਣ ਮਹਿਲਾ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਹਨ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਵਰਕਰਾਂ ਵੱਲੋਂ ਉਨਾਂ ਦੇ ਨਾਲ ਦੁਰਵਿਹਾਰ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ ।
ਪੀੜੀਤਾ ਦੀ ਮਾਂ ਵੱਲੋਂ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੁਜਰਮ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ । ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਧੀ ਦੀ ਹਾਲਤ ਬਹੁਤ ਜਿਆਦਾ ਗੰਭੀਰ ਹੈ।