ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੀ ਗਾਂਧੀ ਨਗਰ ਮਾਰਕੀਟ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਉੱਤੇ ਅੱਜ ਸਵੇਰੇ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕੇ ਇਹ ਦੁਕਾਨ ਭਾਰਤੀਏ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦੇ ਚਾਚੇ ਸੋਹਰੇ ਮਨਪ੍ਰੀਤ ਸਿੰਘ ਬੰਟੀ ਦੀ ਹੈ। ਜੋ ਕਿ ਅਕਾਲਗੜ ਮਾਰਕੀਟ ਦੇ ਪ੍ਰਧਾਨ ਵੀ ਹਨ । ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਦੇ ਵੱਲੋਂ ਦੁਕਾਨ ਵਿੱਚ ਅੱਗ ਲੱਗਣ ਦੀ ਖਬਰ ਨੇੜੇ ਦੇ ਦੁਕਾਨਦਾਰਾਂ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਤੜਕ ਸਾਰ ਸਵੇਰੇ 6 ਵਜੇ ਲੱਗੀ ਹੈ।
ਅੱਗ ਦਾ ਪਤਾ ਲੱਗਦਿਆ ਹੀ ਦੁਕਾਨਦਾਰਾਂ ਵੱਲੋਂ ਦਮਕਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਦਮਕਲ ਵਿਭਾਗ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ । ਦਮਕਲ ਵਿਭਾਗ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਉਣ ਲਈ ਤਕਰੀਬਨ ਤਿੰਨ ਗੱਡੀਆਂ ਪਾਣੀ ਦੀਆਂ ਲੱਗੀਆਂ ਹਨ ਅਤੇ ਤਿੰਨ ਘੰਟੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਪਰ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਦੇ ਵਿੱਚ ਸਟੋਰ ਕੀਤੇ ਹੋਏ ਕੱਪੜੇ ਸੜ ਚੁੱਕੇ ਸਨ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ। ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਇਸ ਘਟਨਾ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਦਮਕਲ ਵਿਭਾਗ ਦੇ ਟੀਮ ਦੇ ਮੈਂਬਰ ਦਾ ਕਹਿਣਾ ਹੈ ਕਿ ਦੁਕਾਨ ਦਾ ਛਟਰ ਬੰਦ ਸੀ ਇਸ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਸ਼ੋਰਟ ਸਰਕਿਟ ਦੇ ਕਾਰਨ ਹੀ ਅੱਗ ਲੱਗੀ ਹੋਵੇ। ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦਮਕਲ ਵਿਭਾਗ ਦੀ ਟੀਮ ਦਾ ਕਹਿਣਾ ਸੀ ਕਿ ਅਗਰ ਅੱਗ ਉੱਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਆਸ ਪਾਸ ਦੀਆਂ ਦੁਕਾਨਾਂ ਇਸ ਦੀ ਚਪੇਟ ਦੇ ਵਿੱਚ ਆ ਸਕਦੀਆਂ ਸਨ।

