ਬਟਾਲਾ -(ਮਨਦੀਪ ਕੌਰ )-ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਦੇ ਚਲਦੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਤਨੀ ਨੇ ਸੁਤੇ ਪਏ ਆਪਣੇ ਪਤੀ ਉੱਤੇ ਲੋਹੇ ਦੀ ਰਾਡ ਨਾਲ ਤਾਬੜਤੋੜ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ 40 ਸਾਲਾ ਬਹਾਦਰ ਸਿੰਘ ਉਰਫ਼ ਭੋਲਾ ਵਜੋਂ ਹੋਈ ਹੈ, ਜੋ ਮਿੱਟੀ ਭਰਨ ਦਾ ਕੰਮ ਕਰਦਾ ਸੀ। ਦੋਸ਼ੀ ਸੁਖਪ੍ਰੀਤ ਸਿੰਘ, ਜੋ ਕਿ ਇਸੇ ਕੰਮ ਵਿਚ ਭੋਲਾ ਦਾ ਸਾਥੀ ਸੀ, ਅਕਸਰ ਕੰਮ ਲਈ ਉਸਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਇਸ ਆਉਣ-ਜਾਣ ਦੌਰਾਨ ਸੁਖਪ੍ਰੀਤ ਦੇ ਭੋਲਾ ਦੀ ਪਤਨੀ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਘਰ ‘ਚ ਇਸ ਕਰਕੇ ਅਕਸਰ ਝਗੜਾ ਹੋਣ ਲੱਗ ਪਿਆ ਜੋ ਅੰਤ ਵਿਚ ਖੂਨ ਖਰਾਬੇ ਨਾਲ ਖ਼ਤਮ ਹੋਇਆ।
ਇਸ ਘਟਨਾ ਦਾ ਚਸ਼ਮਦੀਦ ਅਤੇ ਭੋਲੇ ਦਾ ਸਾਥੀ ਇੰਦਰਜੀਤ ਸਿੰਘ, ਜੋ ਕਿ ਉਸੇ ਘਰ ਵਿੱਚ ਰਹਿ ਰਿਹਾ ਸੀ, ਨੇ ਦੱਸਿਆ ਕਿ ਉਹ ਲਾਬੀ ਵਿੱਚ ਸੁੱਤਾ ਪਿਆ ਸੀ ਜਦੋਂ ਅੱਧੀ ਰਾਤ ਨੂੰ ਭੋਲਾ ਦੀ ਦਰਦਨਾਕ ਚੀਖ ਸੁਣੀ ਤਾਂ ਉਹ ਜਾਗ ਪਿਆ। ਜਦੋਂ ਉਹ ਕਮਰੇ ਵੱਲ ਭੱਜਿਆ ਤਾਂ ਉਸਨੇ ਦੇਖਿਆ ਕਿ ਜਸਵੀਰ ਅਤੇ ਸੁਖਪ੍ਰੀਤ ਮਿਲ ਕੇ ਭੋਲੇ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਰਹੇ ਸਨ। ਮ੍ਰਿਤਕ ਪਿਛਲੇ 12 ਸਾਲਾਂ ਤੋਂ ਪਿੰਡ ਸੋਹੀਆਂ ਵਿੱਚ ਰਹਿ ਰਿਹਾ ਸੀ।
ਇੰਦਰਜੀਤ ਨੇ ਤੁਰੰਤ ਕੰਧ ਟੱਪ ਕੇ ਗੁਆਂਢੀਆਂ ਨੂੰ ਬੁਲਾਇਆ। ਗੰਭੀਰ ਜ਼ਖਮੀ ਭੋਲਾ ਨੂੰ ਪਹਿਲਾਂ ਮਲੌਦ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਪਰ ਇਲਾਜ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਇਸ ਸਬੰਧ ਵਿਚ ਪਾਇਲ ਦੇ ਡੀ.ਐੱਸ.ਪੀ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗਿਰਫ਼ਤਾਰੀ ਲਈ ਵੱਖ ਵੱਖ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਪੁਲਸ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।