ਪਠਾਨਕੋਟ-(ਮਨਦੀਪ ਕੌਰ)- ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਤਰਨਾਹ ਅਤੇ ਭਾਗ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ । ਜਿਸ ਕਾਰਨ ਇਹ ਪਾਣੀ ਨਾਲ ਲੱਗਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਹੈ । ਪਿੰਡਾਂ ਦੇ ਵਿੱਚ ਪਾਣੀ ਆਉਣ ਦੇ ਕਾਰਨ ਉਥੇ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਦਿਨਾਂ ਵਿੱਚ ਰਾਵੀ ਦਰਿਆ ਦਾ ਪਾਣੀ ਘੱਟ ਹੋਣ ਦੀ ਗੱਲ ਸਾਹਮਣੇ ਆਈ ਸੀ। ਔਰ ਦੁਬਾਰਾ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਬੱਦਲ ਫਟਣ ਦੇ ਕਾਰਨ ਪਾਣੀ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸਰਹੱਦ ਦੀ ਜ਼ੀਰੋ ਲਾਈਨ ‘ਤੇ ਵਸੇ ਪਿੰਡ ਸਿੰਬਲ ਸਕੋਲ ਦੇ ਨਜ਼ਦੀਕ ਵਗਦੇ ਤਰਨਾਹ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ।
ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਨਿਕਲਦੇ ਭਾਗ ਦਰਿਆ ਵਿਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਇਨ੍ਹਾਂ ਦੋਵਾਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਬਮਿਆਲ ਸੈਕਟਰ ਅਧੀਨ ਆਉਂਦੇ ਜ਼ੀਰੋ ਲਾਈਨ ‘ਤੇ ਸਥਿਤ ਪਿੰਡ ਭੋਪਾਲਪੁਰ, ਪਹਾੜੀ ਪੁਰ, ਸਿੰਬਲ ਸਕੋਲ਼, ਢਿੰਡਾ, ਸਿੰਬਲ ਕੁੱਲੀਆਂ ਵਿਚ ਦਾਖਲ ਹੋਣ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਕੁਝ ਘਰਾਂ ਦੇ ਅੰਦਰ ਪਾਣੀ ਵੜਨ ਦੀ ਗੱਲ ਵੀ ਸਾਹਮਣੇ ਆਈ ਹੈ, ਲੋਕਾਂ ਵੱਲੋਂ ਅੱਧੀ ਰਾਤ ਤੋਂ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬੈਠ ਕੇ ਸਮਾਂ ਬਤੀਤ ਕੀਤਾ ਜਾ ਰਿਹਾ ਹੈ।