ਫਤਹਿਗੜ੍ਹ ਸਾਹਿਬ-(ਮਨਦੀਪ ਕੌਰ )- ਤਿੰਨ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਆਸ ਵਿਚ ਅਮਰੀਕਾ ਪੜ੍ਹਾਈ ਕਰਨ ਗਏ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਦੀ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰਨਵੀਰ ਸਿੰਘ ਸਟੱਡੀ ਬੇਸ ‘ਤੇ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅਚਾਨਕ ਰਾਤ ਸਮੇਂ ਟਰਾਲਾ ਸੜਕ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਪਲਟ ਗਿਆ ਅਤੇ ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਵਿਚ ਕਰਨ ਵੀਰ ਟਰਾਲੇ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਕਰਨਵੀਰ ਸਿੰਘ ਵੜੈਚ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੈਲੀਫੋਰਨੀਆ ਸੂਬੇ ਵਿਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਅਮਰੀਕਨ ਸਮੇਂ ਮੁਤਾਬਿਕ ਰਾਤ ਕਰੀਬ 2 ਵਜੇ ਕਰਨਵੀਰ ਸਿੰਘ ਜਦੋਂ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਉਸਦਾ ਟਰਾਲਾ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਜਿਸ ਤੋਂ ਤੁਰੰਤ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਤੇ ਕਰਨਵੀਰ ਸਿੰਘ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ।
ਅੱਗ ਵਿਚ ਝੁਲਸ ਜਾਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਦਾ ਕੁਝ ਦਿਨ ਪਹਿਲਾਂ ਜਨਮ ਦਿਨ ਸੀ ਅਤੇ ਉਸ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਨਵੀਂ ਕਾਰ ਖਰੀਦੀ ਸੀ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਸੀ। ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਕਰਨਵੀਰ ਸਿੰਘ ਮਿਲਣਸਾਰ ਸੀ ਅਤੇ ਰੋਜ਼ਾਨਾ ਘਰ ਫੋਨ ਕਰਕੇ ਸਾਰੇ ਪਰਿਵਾਰਿਕ ਦਾ ਹਾਲ ਚਾਲ ਪੁੱਛਦਾ ਰਹਿੰਦਾ ਸੀ ਪਰ ਕਿਸਮਤ ਨੇ ਉਸ ਨੂੰ ਸਾਡੇ ਤੋਂ ਖੋਹ ਲਿਆ ਹੈ।