ਬਟਾਲਾ -(ਮਨਦੀਪ ਕੌਰ)- ਪਿਛਲੇ ਦਿਨੀ ਮੋਟਰਸਾਈਕਲ ਉੱਤੇ ਜਾ ਰਹੇ ਭੈਣ ਭਰਾ ਤੇ ਲੁੱਟ ਦੀ ਨੀਅਤ ਦੇ ਨਾਲ ਤੇਜ਼ਧਾਰ ਹਥਿਆਰਾਂ ਦੇ ਨਾਲ ਹੋਏ ਹਮਲੇ ਵਿੱਚ ਭੈਣ ਦੀ ਮੌਤ ਹੋ ਗਈ ਸੀ, ਅੱਜ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਅਸਲ ਵਿੱਚ ਆਪਣੀ ਭੈਣ ਦਾ ਕਾਤਲ ਖੁਦ ਭਰਾ ਹੀ ਨਿਕਲਿਆ। ਜਾਂਚ ਵਿੱਚ ਥਾਣਾ ਘਣੀਏ ਕੇ ਬਾਗਰ ਦੀ ਪੁਲਸ ਨੂੰ ਪਤਾ ਲੱਗਾ ਕਿ ਉਸਨੇ ਆਪਣੀ ਭੈਣ ਨੂੰ ਮਾਰਨ ਲਈ ਇਹ ਸਾਰੀ ਸਾਜਿਸ਼ ਰਚੀ ਸੀ। ਜਿਸ ਨੂੰ ਲੁੱਟ-ਖੋਹ ਦਾ ਰੂਪ ਦੇ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਜਰਿਮ ਹਰਪਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਭੰਗਾਲੀ ਖੁਰਦ ਅਤੇ ਉਸਦੇ ਸਾਥੀ ਮਨਜੋਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗੁੱਜਰਪੁਰਾ ਥਾਣਾ ਮਜੀਠਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਘਣੀਏ ਦੇ ਬਾਂਗਰ ਦੇ ਐਸਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ 11 ਸਤੰਬਰ ਨੂੰ ਕਾਬਲ ਸਿੰਘ ਵਾਸੀ ਬੰਗਾਲੀ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੱਸ ਸਤੰਬਰ ਦੀ ਰਾਤ ਨੂੰ ਉਸ ਦਾ ਪੁੱਤਰ ਹਰਪਿੰਦਰ ਸਿੰਘ ਅਤੇ ਉਸ ਦੀ ਧੀ ਮਨਦੀਪ ਕੌਰ ਵਾਸੀ ਸ਼ੁਕਰਪੁਰਾ ਬਟਾਲਾ ਮੋਟਰਸਾਈਕਲ ਤੇ ਸਵਾਰ ਹੋ ਕੇ ਭੰਗਾਲੀ ਖੁਰਦ ਆ ਰਹੇ ਸਨ। ਕੇ ਰਿਆਲੀ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਗਿਆ। ਜਿਸ ਵਿੱਚ ਮਨਦੀਪ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਹਰਪਿੰਦਰ ਸਿੰਘ ਜਖਮੀ ਹੋ ਗਿਆ।
ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 11 ਸਤੰਬਰ ਨੂੰ ਐਫ ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਜਾਂਚ ਦੇ ਵਿੱਚ ਸ਼ੱਕ ਦੀ ਸੂਈ ਜ਼ਖਮੀ ਭਰਾ ਹਰਪਿੰਦਰ ਸਿੰਘ ਤੇ ਰੁਕੀ। ਤਾਂ ਪਤਾ ਲੱਗਿਆ ਕਿ ਹਰਪਿੰਦਰ ਸਿੰਘ ਨੇ ਹੀ ਆਪਣੀ ਭੈਣ ਮਨਦੀਪ ਕੌਰ ਦਾ ਕੁਝ ਸਾਥੀਆਂ ਦੇ ਨਾਲ ਮਿਲ ਕੇ ਕਤਲ ਕੀਤਾ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਹਰਪਿੰਦਰ ਸਿੰਘ ਆਪਣੀ ਭੈਣ ਮਨਦੀਪ ਕੌਰ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚਲਦਿਆਂ ਉਸ ਨੇ ਇਹ ਸਾਰੀ ਸਾਜਿਸ਼ ਰਚੀ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰਪਿੰਦਰ ਸਿੰਘ ਵਾਸੀ ਭੰਗਾਲੀ ਖੁਰਦ ਅਤੇ ਉਸਦੇ ਸਾਥੀ ਮਨਜੋਤ ਸਿੰਘ ਵਾਸੀ ਗੁਜਰਪੁਰਾ ਮਜੀਠਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।