ਦਸੂਹਾ (ਮਨਦੀਪ ਕੌਰ )- ਪੰਜਾਬ ਦੇ ਦਸੂਹਾ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਦਸੂਹਾ ਦੇ ਅਧੀਨ ਆਉਂਦੇ ਪਿੰਡ ਬੁੱਧੋਬਰਕਤ ਵਿਖੇ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਦਸੂਹਾ ਪੁਲਿਸ ਦੇ ਏਐਸਆਈ ਸਰਬਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਜਦੋਂ ਬੁੱਧੋਬਰਕਤ ਪਿੰਡ ਨਸ਼ਾ ਫੜਨ ਸਬੰਧੀ ਪਹੁੰਚੇ ਤਾਂ ਪੁਲਿਸ ਦੀ ਨਸ਼ਾ ਵੇਚਣ ਵਾਲਿਆਂ ਦੇ ਨਾਲ ਹੱਥੋਪਾਈ ਹੋ ਗਈ। ਜਿਸ ਨਾਲ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 112 ਨੰਬਰ ਤੇ ਕਾਲ ਆਈ ਸੀ ਜਿਸ ਵਿੱਚ ਉਹਨਾਂ ਨੂੰ ਨਸ਼ਾ ਵੇਚਣ ਸਬੰਧੀ ਸੂਚਨਾ ਮਿਲੀ ਸੀ ਕਿ ਇਸ ਪਿੰਡ ਦੇ ਵਿੱਚ ਨਿਰੰਜਨ ਸਿੰਘ ਪੁੱਤਰ ਬਲਕਾਰ ਸਿੰਘ, ਸਾਬਕਾ ਸਰਪੰਚ ਅਤੇ ਹੋਰ ਵਿਅਕਤੀ ਜੋ ਕਿ ਬੁੱਧੋਬਰਕਤ ਪਿੰਡ ਦੇ ਨਿਵਾਸੀ ਹਨ ਨਸ਼ਾ ਵੇਚਦੇ ਹਨ। ਸੂਚਨਾ ਮਿਲਣ ਦੇ ਤੁਰੰਤ ਬਾਅਦ ਏਐਸਆਈ ਸਰਬਜੀਤ ਸਿੰਘ ਕਾਰਵਾਈ ਕਰਦੇ ਹੋਏ ਇੱਕ ਹੋਰ ਪੁਲਿਸ ਮੁਲਾਜ਼ਮ ਸੁਖਦੇਵ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁੰਚੇ। ਜਦੋਂ ਉਹ ਨਸ਼ਾ ਵੇਚਣ ਵਾਲਿਆਂ ਦੇ ਘਰ ਪਹੁੰਚੇ ਅਤੇ ਉਨਾ ਦੇ ਨਾਲ ਨਸ਼ਾ ਵੇਚਣ ਸਬੰਧੀ ਗੱਲ ਕੀਤੀ ਤਾਂ ਮੌਕੇ ਉੱਤੇ ਘਰ ਦੇ ਮਾਲਕ ਨਿਰੰਜਨ ਸਿੰਘ ਅਤੇ ਘਰ ਹੋਰ ਵਿਅਕਤੀਆਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ। ਅਤੇ ਉੱਥੇ ਪਿੰਡ ਦੇ ਲੋਕ ਵੀ ਇਕੱਠਾ ਹੋ ਗਏ। ਮੌਕੇ ਤੇ ਬਣੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਣੇ ਬਚਾਓ ਦੇ ਵਿੱਚ ਗੋਲੀਆਂ ਚਲਾਉਣੀਆ ਪਈਆਂ। ਜਿਸ ਦੇ ਸਿੱਟੇ ਵਜੋਂ ਨਿਰੰਜਨ ਸਿੰਘ ਅਤੇ ਭੁਪਿੰਦਰ ਸਿੰਘ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ। ਅਤੇ ਹਰਵਿੰਦਰ ਸਿੰਘ ਦੀ ਬਾਂਹ ਦੇ ਵਿੱਚ ਗੋਲੀ ਦੇ ਛਰੇ ਲੱਗੇ । ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਥੋਂ ਦੇ ਲੋਕਾਂ ਨੇ ਉਸ ਨਾਲ ਦੋਵਾਂ ਨੂੰ ਉੱਥੇ ਬੰਦੀ ਬਣਾ ਲਿਆ।
ਸੂਚਨਾ ਮਿਲਣ ‘ਤੇ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਨਹਾਸ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਮੌਕੇ ‘ਤੇ ਹੋਰ ਪੁਲਸ ਪਾਰਟੀ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਦੋਵੇਂ ਮੁਲਾਜ਼ਮਾਂ ਨੂੰ ਇਨ੍ਹਾਂ ਦੀ ਚੁੰਗਲ ਵਿੱਚੋਂ ਛੁਡਵਾਇਆ ਅਤੇ ਇਸ ਤੋਂ ਬਾਅਦ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਖ਼ਮੀ ਹੋਏ ਨਿਰੰਜਣ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਬੁੱਧੋਬਰਕਤ ਅਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਘਈਆ ਅਤੇ ਹਰਵਿੰਦਰ ਸਿੰਘ ਨੂੰ ਵੀ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ। ਹਰਵਿੰਦਰ ਸਿੰਘ ਨੁੰ ਮੁੱਢਲੀ ਸਹਾਇਤ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਨਿਰੰਜਣ ਸਿੰਘ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੁੰ ਜਲੰਧਰ ਵਿਖੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।