ਇੰਟਰਨੈਸ਼ਨਲ ਡੈਸਕ – ਇਕ ਪਾਸੇ ਜਿੱਥੇ ਦੁਨੀਆ ਭਰ ‘ਚ ਸਿਆਸੀ ਹੜਕੰਪ ਮਚਿਆ ਹੋਇਆ ਹੈ, ਉੱਥੇ ਹੀ ਬ੍ਰਿਟੇਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਕਰੀਬ 25 ਸਾਲਾ ਸਿੱਖ ਕੁੜੀ ਨਾਲ ਦਿਨ ਦਿਹਾੜੇ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ।
ਜਾਣਕਾਰੀ ਅਨੁਸਾਰ ਇਹ ਘਟਨਾ ਬਰਮਿੰਘਮ ਦੇ ਉਲਡਬਰੀ ਨੇੜੇ ਮੰਗਲਵਾਰ ਨੂੰ ਵਾਪਰੀ, ਜਿੱਥੇ 2 ਇੰਗਲਿਸ਼ ਮੂਲ ਦੇ 2 ਨੌਜਵਾਨਾਂ ਨੇ ਇਕ ਬ੍ਰਿਟਿਸ਼ ਸਿੱਖ ਕੁੜੀ ‘ਤੇ ਦਿਨ ਦਿਹਾੜੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ, ਉਸ ਨਾਲ ਕੁੱਟਮਾਰ ਕੀਤੀ ਗਈ ਤੇ ਜਬਰ-ਜਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਤੋਂ 8.30 ਵਜੇ ਦੇ ਵਿਚਾਲੇ ਵਾਪਰੀ।
ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਕੁੜੀ ਨਾਲ ਕੁੱਟਮਾਰ ਕਰਦੇ ਹੋਏ ਕਿਹਾ, ”ਤੂੰ ਇੱਥੇ ਦੀ ਨਹੀਂ ਹੈ, ਇੱਥੋਂ ਚਲੀ ਜਾ…।” ਉਸ ਨਾਲ ਕੁੱਟਮਾਰ ਦੌਰਾਨ ਉਸ ‘ਤੇ ਇਸ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ।
ਇਸ ਮਾਮਲੇ ਬਾਰੇ ਵੈਸਟ ਮਿਡਲੈਂਡ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮੁਲਜ਼ਮਾਂ ਦੀ ਭਾਲ ਲਈ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਾਂ। ਅਸੀਂ ਇਸ ਘਟਨਾ ਕਾਰਨ ਪੈਦਾ ਹੋਏ ਗੁੱਸੇ ਤੇ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।
ਇਸ ਤੋਂ ਪਹਿਲਾਂ 2 ਬ੍ਰਿਟਿਸ਼ ਸਿੱਖ ਟੈਕਸੀ ਡਰਾਈਵਰਾਂ ‘ਤੇ ਵੀ 15 ਅਗਸਤ ਨੂੰ ਵੁਲਵਰਹੈਂਪਟਨ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਗਿਆ ਸੀ, ਜਿੱਥੇ ਇਕ ਨੌਜਵਾਨ ਸਤਨਾਮ ਸਿੰਘ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਮਗਰੋਂ ਉਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ।