ਇੰਡੋਨੇਸ਼ੀਆਈ ਜਾਵਾ ਟਾਪੂ ਉਤੇ ਇੱਕ ਇਸਲਾਮੀ ਸਕੂਲ ਦੀ ਅਧੂਰੀ ਇਮਾਰਤ ਢਹਿ ਗਈ, ਜਿਸ ਕਾਰਨ ਘੱਟੋ-ਘੱਟ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਮਾਰਤ ਨਿਰਮਾਣ ਅਧੀਨ ਸੀ ਅਤੇ ਅਚਾਨਕ ਢਹਿ ਜਾਣ ਨਾਲ ਇਹ ਵੱਡਾ ਹਾਦਸਾ ਵਾਪਰਿਆ। ਸਥਾਨਕ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਪਰ ਅਜੇ ਵੀ ਕਾਫੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ।
ਜਾਵਾ ਇੰਡੋਨੇਸ਼ੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਟਾਪੂ ਹੈ। ਇਸ ਹਾਦਸੇ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਜਾਵਾ ਦੇ ਸਿਦੋਆਰਜੋ ਸ਼ਹਿਰ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਦੇ ਢਹਿ ਜਾਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਬਚਾਅ ਕਰਮਚਾਰੀਆਂ, ਪੁਲਿਸ ਅਤੇ ਫੌਜ ਨੇ ਰਾਤ ਭਰ ਵਿਦਿਆਰਥੀਆਂ ਨੂੰ ਬਚਾਉਣ ਲਈ ਕੰਮ ਕੀਤਾ। ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਘਟਨਾ ਤੋਂ 12 ਘੰਟਿਆਂ ਤੋਂ ਵੱਧ ਸਮੇਂ ਬਾਅਦ ਮੰਗਲਵਾਰ ਸਵੇਰੇ ਵਿਦਿਆਰਥੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਿਦਿਆਰਥੀ ਨਮਾਜ਼ ਪੜ੍ਹ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ, ਅਤੇ ਘੱਟੋ-ਘੱਟ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਘਟਨਾ ਤੋਂ ਅੱਠ ਘੰਟਿਆਂ ਤੋਂ ਵੱਧ ਸਮੇਂ ਬਾਅਦ ਪੁਲਿਸ, ਫੌਜ ਅਤੇ ਬਚਾਅ ਕਰਮਚਾਰੀ ਅੱਠ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਰਹੇ। ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਵੀ ਲੱਭੀਆਂ, ਜਿਸ ਨਾਲ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵਧ ਗਈ। ਸੂਬਾਈ ਪੁਲਿਸ ਬੁਲਾਰੇ ਜੂਲੇਸ ਅਬਰਾਹਿਮ ਅਬਾਸਟ ਨੇ ਕਿਹਾ ਕਿ ਵਿਦਿਆਰਥੀ ਇਮਾਰਤ ਵਿੱਚ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ। ਇਮਾਰਤ ਦਾ ਅਣਅਧਿਕਾਰਤ ਵਿਸਥਾਰ ਕੀਤਾ ਜਾ ਰਿਹਾ ਸੀ ਜਦੋਂ ਇਹ ਅਚਾਨਕ ਢਹਿ ਗਈ।

