ਜਲੰਧਰ -(ਮਨਦੀਪ ਕੌਰ )- 19 ਸਾਲਾਂ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਅਤੇ ਉਸਦੇ ਨਾਲ ਜ਼ਬਰਦਸਤੀ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਦੇ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਸਖਤ ਕਦਮ ਚੁੱਕੇ ਹਨ। ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਾ ਬਖਸ਼ਣ ਦੀ ਮੰਗ ਕੀਤੀ।
ਦਿਹਾਤੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ 18 ਸਾਲਾਂ ਪ੍ਰਭਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਕੋਦਰ ਅਤੇ 19 ਸਾਲਾਂ ਇੰਦਰਜੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਕੰਗਨੀਵਾਲ ,ਜਮਸ਼ੇਰ (ਜਲ਼ੰਧਰ)- ਦੇ ਰੂਪ ਵਿੱਚ ਹੋਈ ਹੈ। ਇਹਨਾਂ ਦੋਵਾਂ ਦੇ ਵਿਰੁੱਧ ਬਲਾਤਕਾਰ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਪੁਲਿਸ ਦੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ।
ਮਹਿਲਾ ਕਮਿਸ਼ਨ ਚੇਅਰ ਪਰਸਨ ਲਾਲੀ ਸਿੰਘ ਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਸਾਰ ਗੱਲ ਹੈ ਅਤੇ ਮਹਿਲਾ ਕਮਿਸ਼ਨ ਪੀੜਤਾਂ ਨੂੰ ਪੂਰੀ ਤਰ੍ਹਾਂ ਇਨਸਾਫ ਦਵਾਉਣ ਲਈ ਵਚਨਬੱਧ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਅਗਰ ਪੁਲਿਸ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਨਹੀਂ ਕਰਦੀ ਤਾਂ ਕਮਿਸ਼ਨ ਖੁਦ ਅੱਗੇ ਹੋ ਕੇ ਇਸ ਵਿੱਚ ਦਖਲ ਦਵੇਗੀ। ਕਮਿਸ਼ਨ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ 22 ਅਗਸਤ, 2025 ਤੱਕ ਪੂਰੀ ਰਿਪੋਰਟ ਮੰਗੀ ਹੈ।
ਜਾਣਕਾਰੀ ਦੇ ਮੁਤਾਬਿਕ ਪਹਿਲਾਂ ਇਸ ਲੜਕੀ ਨੂੰ ਕੋਕ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਫਿਰ ਉਸਦੇ ਨਾਲ ਬਲਾਤਕਾਰ ਕਰਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਵਾਇਰਲ ਕਰ ਦਿੱਤੀ ਗਈ। ਜਿਸ ਦੇ ਕਾਰਨ ਪੀੜਤਾ ਅਤੇ ਉਸਦਾ ਪਰਿਵਾਰ ਕਾਫੀ ਮਾਨਸਿਕ ਤਨਾਵ ਤੋਂ ਗੁਜ਼ਰ ਰਿਹਾ ਹੈ। ਅੱਜ ਕਮਿਸ਼ਨ ਨੇ ਪੁਲਿਸ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਨਾਲ ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਫੋਰਵਰਡ ਕਰਨ ਗੇ ਉਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।