ਅੰਮ੍ਰਿਤਸਰ -(ਮਨਦੀਪ ਕੌਰ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਅਧਿਕਾਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ \‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। SGPC ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਹੈ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 25 ਤਹਿਤ ਹਰ ਨਾਗਰਿਕ ਨੂੰ ਆਪਣੇ ਧਰਮ ਦਾ ਪਾਲਣ, ਪ੍ਰਚਾਰ ਅਤੇ ਅਭਿਆਸ ਕਰਨ ਦਾ ਅਧਿਕਾਰ ਹੈ, ਪਰ ਹਾਲੀਆ ਮਾਮਲਿਆਂ \‘ਚ ਅੰਮ੍ਰਿਤਧਾਰੀ ਸਿੱਖਾਂ ਨੂੰ ਪ੍ਰੀਖਿਆ ਕੇਂਦਰਾਂ \‘ਚ ਐਂਟਰੀ ਨਹੀਂ ਦਿੱਤੀ ਗਈ।
SGPC ਵੱਲੋਂ 23 ਜੂਨ 2024 ਨੂੰ ਜੋਧਪੁਰ, ਰਾਜਸਥਾਨ ਵਿੱਚ ਵਾਪਰੀ ਘਟਨਾ ਨੂੰ ਹਵਾਲਾ ਬਣਾਇਆ ਗਿਆ ਹੈ, ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਵਕੀਲ ਨੂੰ ਨਿਆਂਇਕ ਸੇਵਾਵਾਂ ਦੀ ਪ੍ਰੀਖਿਆ \‘ਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਕਾਰਨ ਇਹ ਦਿੱਤਾ ਗਿਆ ਕਿ ਉਨ੍ਹਾਂ ਕੋਲ ਪੰਜ ਇੰਚ ਦੀ ਕਿਰਪਾਨ ਸੀ। ਇਥੇ ਤੱਕ ਕਿ ਹਾਲ ਹੀ ਵਿੱਚ ਜੈਪੁਰ ਵਿੱਚ ਵੀ ਗੁਰਪ੍ਰੀਤ ਕੌਰ ਨਾਮਕ ਅੰਮ੍ਰਿਤਧਾਰੀ ਲੜਕੀ ਨੂੰ ਕਿਰਪਾਨ ਅਤੇ ਕੜੇ ਦੀ ਵਜ੍ਹਾ ਨਾਲ ਪ੍ਰੀਖਿਆ \‘ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
SGPC ਨੇ ਪਟੀਸ਼ਨ \‘ਚ ਜ਼ੋਰ ਦਿੰਦਿਆਂ ਕਿਹਾ ਹੈ ਕਿ ਕਿਰਪਾਨ ਸਿਰਫ਼ ਇੱਕ ਵਸਤੂ ਨਹੀਂ, ਸਗੋਂ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਮਹੱਤਵਪੂਰਨ ਧਾਰਮਿਕ ਚਿੰਨ੍ਹ ਹੈ। ਇਸ ਕਰਕੇ ਕਿਰਪਾਨ ਪਹਿਨਣਾ ਸਿੱਖਾਂ ਦਾ ਮੌਲਿਕ ਅਧਿਕਾਰ ਹੈ, ਜਿਸਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ।