ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ 1 ਅਗਸਤ ਨੂੰ ਤਲਬ ਕੀਤਾ ਗਿਆ ਹੈ। ਇਹ ਤਲਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮ ਦੌਰਾਨ ਭੰਗੜਾ ਹੋਣ ਦੇ ਮਾਮਲੇ ਵਿੱਚ ਕੀਤੀ ਗਈ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਦੋਵਾਂ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ, ਕਿਉਂਕਿ ਇਹ ਮਾਮਲਾ ਸਿੱਖ ਮਰਿਆਦਾ ਅਤੇ ਮਰਿਆਦਕ ਸਥਾਨਾਂ ਦੀ ਪਵਿਤਰਤਾ ਨਾਲ ਜੁੜਿਆ ਹੋਇਆ ਹੈ। ਤਖ਼ਤ ਵੱਲੋਂ ਤਲਬ ਕੀਤੇ ਜਾਣ ‘ਤੇ ਮੰਤਰੀ ਹਰਜੋਤ ਬੈਂਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਖਿੜੇ ਮੱਥੇ ਮੰਨਦਾ ਹਾਂ।
ਮੈਂ ਨੰਗੇ ਪੈਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਵਾਂਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹਾਂ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਉੱਚਤਮ ਅਥਾਰਟੀ ਹੈ ਅਤੇ ਉਹ ਇਸ ਅਦਾਰੇ ਦੇ ਹਰ ਹੁਕਮ ਦੇ ਪਾਬੰਦ ਹਨ। ਇਸ ਮਾਮਲੇ ਨੇ ਰੂਹਾਨੀ ਸਥਾਨਾਂ ‘ਤੇ ਹੋਣ ਵਾਲੀ ਸਰਗਰਮੀਆਂ ਅਤੇ ਰਵਾਇਤੀ ਮਰਿਆਦਾਵਾਂ ‘ਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 1 ਅਗਸਤ ਨੂੰ ਕੀ ਹੋਰ ਵਧੇਰੇ ਖੁਲਾਸੇ ਸਾਹਮਣੇ ਆਉਂਦੇ ਹਨ।