ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨਗਰ ਨਿਗਮ ਵਿੱਚ ਚੰਦਨ ਗਰੇਵਾਲ ਦੇ ਧੜੇ ਵੱਲੋਂ ਦੋ ਸੁਪਰਵਾਈਜ਼ਰਾਂ ਨੂੰ ਸੈਨੇਟਰੀ ਇੰਸਪੈਕਟਰ ਦਾ ਵਾਧੂ ਚਾਰਜ ਦਿੱਤੇ ਜਾਣ ਤੋਂ ਯੂਨੀਅਨ ਗੁੱਸਾ ਹੈ। ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਅਗਵਾਈ ਵਾਲੀਆਂ ਯੂਨੀਅਨਾਂ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਵੀਰਵਾਰ ਤੋਂ ਜਲੰਧਰ ਸ਼ਹਿਰ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਸਫਾਈ, ਕੂੜਾ ਚੁੱਕਣ ਅਤੇ ਸੀਵਰੇਜ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ।
ਧਿਆਨ ਦੇਣ ਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਯੂਨੀਅਨਾਂ ਦੀ ਮੰਗ ‘ਤੇ 16 ਸਫਾਈ ਕਰਮਚਾਰੀਆਂ ਨੂੰ ਸੈਨੇਟਰੀ ਸੁਪਰਵਾਈਜ਼ਰ ਦੇ ਅਹੁਦੇ ‘ਤੇ ਪ੍ਰਮੋਸ਼ਨ ਦੇਣ ਦੇ ਹੁਕਮ ਜਾਰੀ ਕੀਤੇ ਸਨ, ਪਰ ਸਰਕਾਰ ਤੋਂ ਇਸਦੀ ਪ੍ਰਵਾਨਗੀ ਅਜੇ ਤੱਕ ਨਹੀਂ ਮਿਲੀ ਹੈ। ਇਸ ਦੌਰਾਨ, ਦੋ ਸੁਪਰਵਾਈਜ਼ਰਾਂ ਨੂੰ ਸੈਨੇਟਰੀ ਇੰਸਪੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਜਿਸ ਕਾਰਨ ਚੰਦਨ ਗਰੇਵਾਲ ਸਮਰਥਿਤ ਯੂਨੀਅਨ ਧੜੇ ਵਿੱਚ ਗੁੱਸਾ ਸੀ। ਮੰਗਲਵਾਰ ਨੂੰ ਯੂਨੀਅਨ ਦੇ ਨੁਮਾਇੰਦਿਆਂ ਨੇ ਮਾਡਲ ਟਾਊਨ ਕੈਂਪ ਆਫਿਸ ਵਿੱਚ ਮੇਅਰ ਅਤੇ ਕਮਿਸ਼ਨਰ ਨਾਲ ਮੀਟਿੰਗ ਕੀਤੀ, ਪਰ ਕੋਈ ਹੱਲ ਨਾ ਨਿਕਲ ਸਕਿਆ। ਯੂਨੀਅਨ ਦੇ ਪ੍ਰਧਾਨ ਸੰਨੀ ਸਹੋਤਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਉਨ੍ਹਾਂ ਦੀਆਂ ਰੱਖੀਆਂ ਮੰਗਾਂ ਦਾ ਜਵਾਬ ਨਹੀਂ ਦੇ ਰਿਹਾ ਹੈ। ਜਿਸ ਕਾਰਨ ਯੂਨੀਅਨ ਨੇ ਮੀਟਿੰਗ ਦਾ ਬਾਈਕਾਟ ਕੀਤਾ। ਸੰਨੀ ਸਹੋਤਾ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਸਾਂਝੀ ਮੀਟਿੰਗ ਤੋਂ ਬਾਅਦ ਵੀਰਵਾਰ ਤੋਂ ਹੜਤਾਲ ਸ਼ੁਰੂ ਹੋਵੇਗੀ।
ਯੂਨੀਅਨਾਂ ਦੀ ਮੁੱਖ ਮੰਗ ਇਹ ਹੈ ਕਿ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਡਰਾਈਵਰਾਂ ਨੂੰ ਅੰਮ੍ਰਿਤਸਰ ਕਾਰਪੋਰੇਸ਼ਨ ਵਾਂਗ 13ਵੀਂ ਤਨਖਾਹ ਵਜੋਂ ਵਾਧੂ ਤਨਖਾਹ ਦਿੱਤੀ ਜਾਵੇ। ਮੰਤਰੀ ਪਹਿਲਾਂ ਹੀ ਇਸ ਬਾਰੇ ਕਮਿਸ਼ਨਰ ਨੂੰ ਦੱਸ ਚੁੱਕੇ ਹਨ ਪਰ ਕਮਿਸ਼ਨ ਵਲੋ ਫਿਰ ਵੀ ਮਾਮਲਾ ਟਾਲਿਆ ਜਾ ਰਿਹਾ ਹੈ।
ਹੋਰ ਮੰਗਾਂ ਵਿੱਚ ਸ਼ਾਮਲ ਹਨ ਕਿ ਵਰਕਸ਼ਾਪ ਵਿੱਚ 15-20 ਸਾਲਾਂ ਤੋਂ ਕੰਮ ਕਰ ਰਹੇ JCB ਆਪਰੇਟਰਾਂ ਨੂੰ ਪੱਕਾ ਕੀਤਾ ਜਾਵੇ, 15-20 ਸਾਲਾਂ ਤੋਂ ਡਰਾਈਵਰ ਵਜੋਂ ਕੰਮ ਕਰ ਰਹੇ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੀਵਰੇਜਮੈਨਾ ਨੂੰ ਤਜੁਰਬੇ ਦੇ ਆਧਾਰ ‘ਤੇ ਸਥਾਈ ਡਰਾਈਵਰ ਬਣਾਇਆ ਜਾਵੇ, ਸਫਾਈ ਕਰਮਚਾਰੀ, ਸੀਵਰਮੈਨ, ਮਾਲੀ, ਬੇਲਦਾਰ ਅਤੇ ਚੌਕੀਦਾਰ ਦੀਆਂ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ, CLC ਰਾਹੀਂ ਕੋਈ ਭਰਤੀ ਨਾ ਕੀਤੀ ਜਾਵੇ, 10-15 ਸਾਲਾਂ ਤੋਂ ਆਊਟਸੋਰਸਿੰਗ ‘ਤੇ ਕੰਮ ਕਰ ਰਹੇ ਕੰਪਿਊਟਰ ਆਪਰੇਟਰ, ਡਾਟਾ ਐਂਟਰੀ ਆਪਰੇਟਰ, ਫਾਇਰਮੈਨ, ਡਰਾਈਵਰ, ਫਿਟਰ ਅਤੇ ਕੁਲੀਆਂ ਨੂੰ ਸਥਾਈ ਕੀਤਾ ਜਾਵੇ। ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਵਾਰ-ਵਾਰ ਮੰਗਾਂ ਨੂੰ ਅਣਸੁਣਿਆ ਕਰ ਰਿਹਾ ਹੈ।
ਜਿਸ ਕਾਰਨ ਓਹਨਾ ਨੇ ਹੜਤਾਲ ਦਾ ਫੈਸਲਾ ਲਿਆ ਹੈ ।