ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਸਥਿਤ ਓਰਿਜਨ ਹਸਪਤਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁਰਦਾ ਘਰ ਦੇ ਵਿੱਚ ਰੱਖੀਆਂ ਹੋਈਆਂ ਲਾਸ਼ਾਂ ਦੀ ਆਪਸ ਦੇ ਵਿੱਚ ਅਦਲਾ ਬਦਲੀ ਹੋ ਗਈ। ਦੱਸ ਦਈਏ ਉਨੀ ਦਸੰਬਰ ਨੂੰ ਮਹਿਲਾ ਦੀ ਮੌਤ ਹੋਣ ਤੋਂ ਬਾਅਦ ਮਹਿਲਾ ਦੇ ਪਤੀ ਦੇ ਵੱਲੋਂ ਬੱਚਿਆਂ ਦੇ ਵਿਦੇਸ਼ ਹੋਣ ਦੇ ਕਾਰਨ ਲਾਸ਼ ਨੂੰ ਮੁਰਦਾ ਘਰ ਦੇ ਵਿੱਚ ਸੁਰੱਖਿਤ ਰਖਵਾ ਦਿੱਤਾ ਗਿਆ। ਅੱਜ ਜਦੋਂ ਸਵੇਰੇ ਮਹਿਲਾ ਦੇ ਬੱਚੇ ਵਿਦੇਸ਼ੋਂ ਵਾਪਸ ਪਰਤ ਕੇ ਮੁਰਦਾਘਰ ਆਪਣੀ ਮਾਂ ਦੀ ਲਾਸ਼ ਲੈਣ ਪਹੁੰਚੇ ਤਾਂ ਉਹ ਲਾਸ਼ ਨੂੰ ਦੇਖ ਕੇ ਹੈਰਾਨ ਹੋ ਗਏ। ਹਸਪਤਾਲ ਦੇ ਸਟਾਫ ਦੇ ਵੱਲੋਂ ਉਹਨਾਂ ਦੀ ਮਾਂ ਦੀ ਜਗ੍ਹਾ ਕਿਸੇ ਹੋਰ ਦੀ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਿਸ ਦਿਨ ਇਸ ਮਹਿਲਾ ਦੀ ਲਾਸ਼ ਮੁਰਦਾ ਘਰ ਦੇ ਵਿੱਚ ਰੱਖੀ ਗਈ ਸੀ ਉਸੇ ਦਿਨ ਹੀ ਇੱਕ ਹੋਰ ਮਹਿਲਾ ਦੀ ਲਾਸ਼ ਮੁਰਦਾ ਘਰ ਦੇ ਵਿੱਚ ਆਈ ਸੀ। ਵੱਡੀ ਲਾਪਰਵਾਹੀ ਦੀ ਗੱਲ ਇਹ ਰਹੀ ਕਿ ਹਸਪਤਾਲ ਸਟਾਫ ਦੇ ਵੱਲੋਂ ਉਕਤ ਮਹਿਲਾ ਦੀ ਲਾਸ਼ ਕਿਸੇ ਹੋਰ ਪਰਿਵਾਰ ਨੂੰ ਸੌਂਪ ਦਿੱਤੀ ਗਈ । ਇਸ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਉਸ ਪਰਿਵਾਰ ਦੇ ਵੱਲੋਂ ਉਕਤ ਮਹਿਲਾ ਦਾ ਸੰਸਕਾਰ ਵੀ ਕਰ ਦਿੱਤਾ ਗਿਆ।
ਇਸ ਲਾਪਰਵਾਹੀ ਤੋਂ ਭੜਕੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾ ਦਿੱਤਾ ਅਤੇ ਇਹ ਲਾਪਰਵਾਹੀ ਕਰਨ ਵਾਲਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਤੇ ਸਰਾਭਾ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਮਾਮਲਾ ਹਸਪਤਾਲ ਦੀ ਕਾਰਗੁਜਾਰੀ ਉੱਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ।

