ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਦੇ ਕੋਲ ਪੈਂਦੇ ਚੱਬੇਵਾਲ ਪਿੰਡ ਦੇ ਕੋਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਇੱਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਚੱਬੇਵਾਲ ਵੱਲੋਂ ਜਾ ਰਹੀ ਸੀ। ਓਦੋਂ ਚੱਬੇਵਾਲ ਦੇ ਨੇੜੇ ਇੱਕ ਹੋਰ ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਨਾਲ ਬੱਚਿਆਂ ਨਾਲ ਭਰੀ ਸਕੂਲ ਬੱਸ ਉਸ ਦੀ ਪਿੱਛਲੀ ਸਾਈਡ ਤੇ ਜਾ ਟਕਰਾਈ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕੂਲ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਬੱਸ ਵਿੱਚ 20 ਤੋਂ ਵੱਧ ਬੱਚੇ ਸਵਾਰ ਸਨ, ਪਰ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਬੱਸ ਵਿਚ ਮੌਜੂਦ ਬੱਚੇ ਡਰ ਗਏ, ਪਰ ਬੱਸ ਡਰਾਈਵਰ ਨੇ ਠੰਢੇ ਦਿਮਾਗ ਨਾਲ ਹਾਲਾਤਾਂ ਨੂੰ ਸੰਭਾਲਿਆ।
ਮੌਕੇ ਤੇ ਪਹੁੰਚੀ ਚੱਬੇਵਾਲ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਇਮਰੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗੇ ਚੱਲ ਰਹੀ ਬੱਸ ਨੇ ਬਿਨਾ ਸੰਕੇਤ ਦੇ ਅਚਾਨਕ ਬ੍ਰੇਕ ਲਾਈ, ਜਿਸ ਕਾਰਨ ਸਕੂਲ ਬੱਸ ਦਾ ਡਰਾਈਵਰ ਸਮੇ ਸਿਰ ਬੱਸ ਨੂੰ ਨਹੀਂ ਰੋਕ ਸਕਿਆ। ਪੁਲਿਸ ਵੱਲੋਂ ਦੋਵੇਂ ਬੱਸਾਂ ਦੇ ਡਰਾਈਵਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਵੀ ਸਕੂਲ ਅਤੇ ਹਾਦਸਾ ਸਥਾਨ ਤੇ ਪਹੁੰਚੇ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ \‘ਤੇ ਚੱਲ ਰਹੀਆਂ ਸਕੂਲ ਬੱਸਾਂ ਦੀ ਨਿਗਰਾਨੀ ਵਧਾਈ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਹ ਹਾਦਸਾ ਬੱਸਾਂ ਦੀ ਲਾਪਰਵਾਹ ਡਰਾਈਵਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੱਲ ਧਿਆਨ ਖਿੱਚਦਾ ਹੈ। ਕਿਸੇ ਵੀ ਵੱਡੀ ਘਟਨਾ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।