ਪੰਜਾਬ -(ਮਨਦੀਪ ਕੌਰ )- ਪੰਜਾਬ ਦੇ ਸੋਸ਼ਲ ਮੀਡੀਆ ਇੰਨਫਲਿਊਂਸਰ ਹੁਣ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਹਨ। ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਅਤੇ ਡਬਲ ਮੀਨਿੰਗ ਵੀਡੀਓਜ ਪਾਉਣ ਵਾਲਿਆਂ ਦੇ ਖਾਤੇ ਬਲੋਕ ਕੀਤੇ ਜਾਣਗੇ। ਇਸ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਸੈਲ ਵਾਲਿਆਂ ਨੇ ਇਸ ਤਰ੍ਹਾਂ ਦੇ ਇੰਨਫਲਿਊਂਸਰਾਂ ਦੇ ਖਾਤਿਆਂ ਤੇ ਨਿਗਰਾਨੀ ਵਧਾ ਦਿੱਤੀ ਹੈ ।
ਜਾਣਕਾਰੀ ਲਈ ਦੱਸ ਦਈਏ ਕਿ ਸਾਈਬਰ ਸੈਲ ਦੀ ਏ.ਡੀ.ਜੀ.ਪੀ ਵੀ. ਨੀਰਜਾ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਪੁਲਿਸ ਸੋਸ਼ਲ ਮੀਡੀਆ ਦੇ ਉੱਪਰੋਂ 8 ਹਜਾਰ ਤੋਂ ਵੱਧ ਇਤਰਾਜ਼ਯੋਗ ਵੀਡੀਓ ਡਿਲੀਟ ਕਰ ਚੁੱਕੀ ਹੈ । ਸਾਈਬਰ ਸੈਲ ਹੁਣ ਪੰਜਾਬ ਦੇ ਇੰਨਫਲਿਊਂਸਰਾਂ ਖਾਤਿਆਂ ਦੇ ਵਿੱਚ ਪਈ ਗੰਦੀ ਸਮਗਰੀ ਉੱਤੇ ਨਿਗਰਾਨੀ ਰੱਖ ਰਿਹਾ ਹੈ। ਸਾਈਬਰ ਸੈਲ ਉਹਨਾਂ ਖਾਤਿਆਂ ਤੇ ਨਿਗਰਾਨੀ ਰੱਖ ਰਿਹਾ ਹੈ ਜੋ ਯੂ ਟੀਊਬ , ਫੇਸਬੁੱਕ, ਇੰਸਟਾਗਰਾਮ, ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਤੇ ਆਪਣਾ ਅਕਾਊਂਟ ਬਣਾਉਂਦੇ ਹਨ ਅਤੇ ਉਹਨਾਂ ਵਿੱਚ ਅਸ਼ਲੀਲ ਵੀਡੀਓਜ ਪੋਸਟ ਕਰਦੇ ਹਨ।
ਸਾਈਬਰ ਸੈਲ ਨੇ 123 ਇੰਨਫਲਿਊਂਸਰਾਂ ਦੀ ਲਿਸਟ ਤਿਆਰ ਕੀਤੀ ਹੈ ਜੋ ਆਪਣੇ ਅਕਾਊਂਟ ਉੱਤੇ ਅਸ਼ਲੀਲ ,ਗੰਦੀਆਂ ਅਤੇ ਡਬਲ ਮੀਨਿੰਗ ਵੀਡੀਓਜ ਪੋਸਟ ਕਰਦੇ ਹਨ। ਇਸ ਲਿਸਟ ਦੇ ਵਿੱਚ ਪੰਜਾਬ ਦੇ ਕਈ ਮਸ਼ਹੂਰ ਇੰਨਫਲਿਊਂਸਰਾਂ ਦੇ ਨਾਮ ਵੀ ਸ਼ਾਮਿਲ ਹਨ। ਸਾਈਬਰ ਸੈਲ ਨੂੰ ਵੱਖ-ਵੱਖ ਸੰਗਠਨਾਂ ਵੱਲੋਂ ਇਹਨਾਂ ਇੰਨਫਲਿਊਂਸਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਸ ਤੋਂ ਬਾਅਦ ਪੁਲਿਸ ਇਹਨਾਂ ਖਾਤਿਆਂ ਉੱਤੇ ਐਕਸ਼ਨ ਲੈਣ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਗਰ ਇਹਨਾਂ ਖਾਤਿਆਂ ਦੇ ਵਿੱਚੋਂ ਗੰਦੀ ਸਮੱਗਰੀ ਡਿਲੀਟ ਨਾ ਕੀਤੀ ਗਈ ਤਾਂ ਪੁਲਿਸ ਆਈਟੀ ਅਧਿਕਾਰ ਤਹਿਤ ਇਹਨਾਂ ਖਾਤਿਆਂ ਨੂੰ ਬਲਾਕ ਕਰ ਸਕਦੀ ਹੈ।