ਲੁਧਿਆਣਾ -(ਮਨਦੀਪ ਕੌਰ)- ਲੁਧਿਆਣਾ ਦੇ ਜਗਰਾਉਂ ਵਿੱਚ ਇੱਕ ਮਾਮੂਲੀ ਝਗੜੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਉੱਤੇ ਹਮਲਾ ਕਰਕੇ ਉਸਦੀ ਵਰਦੀ ਪਾੜ ਦਿੱਤੀ ਗਈ। ਕਾਂਸਟੇਬਲ ਕੁਲਵਿੰਦਰ ਸਿੰਘ ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਪੰਚਾਇਤੀ ਸਮਝੌਤੇ ਲਈ ਮੌਕੇ ਉੱਤੇ ਪਹੁੰਚਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਸਮੇਤ ਦੋ ਮੁਜਰਮਾਂ ਉੱਤੇ ਮਾਮਲਾ ਦਰਜ ਕੀਤਾ ਹੈ।
ਮੁੱਖ ਮੁਜਰਮ ਦੀ ਪਹਿਚਾਨ ਸਤਬੀਰ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ। ਜੋ ਛਪਾਰ ਪਿੰਡ ਦੇ ਪੰਚ ਮਹਿੰਦਰ ਸਿੰਘ ਦਾ ਪੁੱਤਰ ਹੈ। ਇਸ ਘਟਨਾ ਤੋਂ ਬਾਅਦ ਮੁਜਰਮ ਮੌਕੇ ਉਤੋ ਫਰਾਰ ਹੋ ਗਿਆ ।ਜਿਸ ਦੀ ਭਾਲ ਜਾਰੀ ਹੈ।
ਛਪਾਰ ਚੌਂਕੀ ਦੇ ਇੰਚਾਰਜ ਕਾਬਿਲ ਸਿੰਘ ਨੇ ਦੱਸਿਆ ਕੇ ਪਿੰਡ ਦੇ ਵਿੱਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਫੋਨ ਦਾ ਜਵਾਬ ਦਿੱਤਾ। ਉਹਨਾਂ ਨੇ ਦੋਵਾਂ ਧਿਰਾਂ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਦੌਰਾਨ, ਸਤਵੀਰ ਸਿੰਘ ਨੇ ਆਪਣੇ ਗੁਆਂਢੀ ਹਰਪਾਲ ਸਿੰਘ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਸਤਵੀਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਉਸਨੂੰ ਵੀ ਥੱਪੜ ਮਾਰਿਆ, ਉਸਦਾ ਗਲਾ ਘੁੱਟ ਦਿੱਤਾ ਅਤੇ ਉਸਦੀ ਵਰਦੀ ਪਾੜ ਦਿੱਤੀ।
ਮੁਲਜ਼ਮ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ ਅਤੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਦਿਆਂ ਹੋਇਆਂ ਧਮਕੀਆਂ ਵੀ ਦਿੱਤੀਆਂ। ਝਗੜੇ ਵਿੱਚ ਜ਼ਖਮੀ ਹੋਏ ਕਾਂਸਟੇਬਲ ਕੁਲਵਿੰਦਰ ਸਿੰਘ ਦਾ ਸਰਕਾਰੀ ਹਸਪਤਾਲ ਪੱਖੋਵਾਲ ਵਿੱਚ ਇਲਾਜ ਕੀਤਾ ਗਿਆ। ਜਾਂਚ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਸਤਵੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 115(2), 221, 132, 121(1), 351(3), 296, ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

