ਇੰਟਰਨੈਸ਼ਨਲ ਡੈਸਕ –ਆਸਟ੍ਰੇਲੀਆ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਤੇ ਹਮਲੇ ਦੀ ਸੂਚਨਾ ਮਿਲੀ ਹੈ।ਸੈਂਟਰਲ ਐਡੀਲੇਡ ਵਿੱਚ ਹੋਏ ਇੱਕ ਕਥਿਤ ਨਸਲੀ ਹਮਲੇ ਤੋਂ ਬਾਅਦ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਭਾਰਤੀ ਵਿਦਿਆਰਥੀ ‘ਤੇ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਿਹਤਰ ਸੁਰੱਖਿਆ ਦੀ ਮੰਗ ਫਿਰ ਤੋਂ ਉੱਠਣੀ ਸ਼ੁਰੂ ਹੋ ਗਈ ਹੈ।
ਦ ਆਸਟ੍ਰੇਲੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਪੀੜਤ, 23 ਸਾਲਾ ਚਰਨਪ੍ਰੀਤ ਸਿੰਘ, ਸ਼ਨੀਵਾਰ, 19 ਜੁਲਾਈ ਨੂੰ ਸ਼ਹਿਰ ਦਾ ਲਾਈਟ ਸ਼ੋਅ ਦੇਖਣ ਲਈ ਆਪਣੀ ਪਤਨੀ ਨਾਲ ਗਿਆ ਸੀ। ਇਹ ਹਮਲਾ ਕਿੰਟੋਰ ਐਵੇਨਿਊ ਦੇ ਨੇੜੇ ਰਾਤ 9.22 ਵਜੇ ਦੇ ਕਰੀਬ ਹੋਇਆ। ਇਹ ਜੋੜਾ ਆਪਣੀ ਕਾਰ ਪਾਰਕ ਕਰ ਹੀ ਰਿਹਾ ਸੀ ਕਿ ਪੰਜ ਬੰਦਿਆਂ ਦੇ ਇੱਕ ਸਮੂਹ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਘੇਰ ਲਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇੱਕ ਹੋਰ ਕਾਰ ਵਿੱਚ ਆਏ ਅਤੇ ਬਿਨਾਂ ਕਿਸੇ ਭੜਕਾਹਟ ਦੇ ਵਿਦਿਆਰਥੀ ‘ਤੇ ਹਮਲਾ ਕਰ ਦਿੱਤਾ। ਚਰਨਪ੍ਰੀਤ ਸਿੰਘ ‘ਤੇ ਤਿੱਖੀਆਂ ਚੀਜ਼ਾਂ ਨਾਲ ਹਮਲਾ ਕੀਤਾ ਗਿਆ। ਹਮਲੇ ਦੀ ਵੀਡੀਓ ਫੁਟੇਜ ਸੋਸ਼ਲ ਮੀਡੀਆ ‘ਤੇ ਉਪਲਬਧ ਹੈ ਜਿਸ ਵਿੱਚ ਹਮਲਾਵਰ ‘ਫੱਕ ਯੂ, ਇੰਡੀਅਨ’ ਵਰਗੇ ਨਸਲੀ ਗਾਲਾਂ ਕੱਢਦੇ ਦਿਖਾਈ ਦੇ ਰਹੇ ਹਨ। ਚਰਨਪ੍ਰੀਤ ਸਿੰਘ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਹਮਲਾਵਰ ਉਸਨੂੰ ਲੱਤਾਂ ਅਤੇ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ।
ਆਸਟ੍ਰੇਲੀਆ ਟੂਡੇ ਦੇ ਅਨੁਸਾਰ, ਸਿੰਘ ਦੇ ਸਿਰ ਵਿੱਚ ਸੱਟ ਲੱਗੀ ਅਤੇ ਚਿਹਰੇ ਦੇ ਕਈ ਕੱਟ ਲੱਗੇ ਹਨ। ਉਹ ਸੜਕ ‘ਤੇ ਬੇਹੋਸ਼ ਹੋ ਕੇ ਡਿੱਗ ਪਿਆ। ਹਸਪਤਾਲ ਤੋਂ 9ਨਿਊਜ਼ ਨਾਲ ਗੱਲ ਕਰਦੇ ਹੋਏ, ਚਰਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨਾਲ ਸ਼ੁਰੂ ਹੋਈ ਸੀ, ਪਰ ਜਲਦੀ ਹੀ ਇਹ ਨਫ਼ਰਤ ਅਪਰਾਧ ਵਿੱਚ ਬਦਲ ਗਈ। ਉਸਨੇ ਕਿਹਾ, ‘ਉਨ੍ਹਾਂ ਨੇ ਕਿਹਾ ਕਿ ਤੁਸੀਂ ਭਾਰਤੀ, ਨਰਕ ਵਿੱਚ ਜਾਓ। ਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।’
ਪੁਲਿਸ ਨੇ ਹਮਲੇ ਤੋਂ ਇੱਕ ਦਿਨ ਬਾਅਦ ਐਨਫੀਲਡ ਤੋਂ ਹਮਲੇ ਵਿੱਚ ਸ਼ਾਮਲ ਇੱਕ 20 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਹਾਲਾਂਕਿ, ਬਾਕੀ ਹਮਲਾਵਰ ਅਜੇ ਵੀ ਫਰਾਰ ਹਨ। ਪੁਲਿਸ ਨੇ ਦੋਸ਼ੀਆਂ ਦਾ ਪਤਾ ਲਗਾਉਣ ਵਿੱਚ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਘਟਨਾ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਇਸ ਹਮਲੇ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਆਸਟ੍ਰੇਲੀਆ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਚਰਨਪ੍ਰੀਤ ਸਿੰਘ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਾਹਮਣੇ ਆਏ ਹਨ ਅਤੇ ਕਈਆਂ ਨੇ ਨਸਲੀ ਹਿੰਸਾ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।