ਜਲੰਧਰ -(ਮਨਦੀਪ ਕੌਰ)- ਵਿਧਾਨ ਸਭਾ ਦੇ ਵਿੱਚ ਇੱਕ ਇਤਿਹਾਸਿਕ ਬਿੱਲ ਨੂੰ ਪੇਸ਼ ਕਰਦੇ ਹੋਏ ਨੌਰਥ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਚੁੱਕੀ ਹੈ। ਉਹਨਾਂ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾਂ ਦੇ ਸਾਹਮਣੇ “ ਪਾਪੂਲੇਸ਼ਨ ਕੰਟਰੋਲ ਬਿਲ 2025 “ਦਾ ਡਰਾਫਟ ਪ੍ਰਸਤੁਤ ਕੀਤਾ ਹੈ। ਜਿਸ ਵਿੱਚ ਬਾਵਾ ਹੈਨਰੀ ਨੇ ਇਹ ਮੰਗ ਰੱਖੀ ਹੈ ਕਿ ਨਵੇਂ ਪਰਿਵਾਰ ਦੇ ਵਿੱਚ ਦੋ ਬੱਚਿਆਂ ਤੋਂ ਵੱਧ ਬੱਚੇ ਹੋਣ ਤੇ ਰੋਕ ਲਗਾਈ ਜਾਵੇ।
ਉਹਨਾਂ ਨੇ ਆਪਣੇ ਇਸ ਬਿਲ ਦੇ ਵਿੱਚ ਕਿਹਾ ਕਿ ਜੇ ਕਿਸੇ ਦੇ ਘਰ ਦੋ ਤੋਂ ਵੱਧ ਬੱਚੇ ਹੁੰਦੇ ਹਨ ਤਾਂ ਉਹਨਾਂ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਜਾਵੇ ਅਤੇ ਉਹਨਾਂ ਤੋਂ ਉਹਨਾਂ ਦਾ ਵੋਟਿੰਗ ਅਧਿਕਾਰ ਵੀ ਖੋਹ ਲਿਆ ਜਾਵੇ । ਇਨਾ ਹੀ ਨਹੀਂ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜਿਸ ਘਰ ਦੇ ਵਿੱਚ ਵੀ ਦੋ ਤੋਂ ਵੱਧ ਬੱਚੇ ਹੋਣ ਇੱਕ ਤਾਂ ਉਹਨਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਇਆ ਜਾਵੇ ਅਤੇ ਦੂਜਾ ਸਰਕਾਰੀ ਨੌਕਰੀ ਕਰਨ ਦਾ ਵੀ ਅਧਿਕਾਰ ਨਾ ਦਿੱਤਾ ਜਾਵੇ।
ਅੱਗੇ ਆਪਣੇ ਬਿੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋ ਬੱਚਿਆਂ ਤੱਕ ਸਿਮਤ ਬੀਪੀਐਲ ਪਰਿਵਾਰਾਂ ਨੂੰ ਕੈਸ਼ ਇਨਸੈਂਟਿਵ ਦਿੱਤਾ ਜਾਵੇ। ਜਦ ਕਿ ਜਨਰਲ ਪਰਿਵਾਰਾਂ ਨੂੰ ਵੀ ਟੈਕਸ ਛੋਟਾਂ ਅਤੇ ਆਸਾਨ ਕਰਜ਼ੇ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਭੂਮੀ ਖੇਤਰਫਲ ਦੁਨੀਆ ਦੇ ਕੁੱਲ ਖੇਤਰਫਲ ਦਾ ਸਿਰਫ਼ 2.3 ਪ੍ਰਤੀਸ਼ਤ ਹੈ, ਪਰ 17 ਪ੍ਰਤੀਸ਼ਤ ਤੋਂ ਵੱਧ ਆਬਾਦੀ ਇੱਥੇ ਰਹਿੰਦੀ ਹੈ। ਇਸ ਅਸੰਤੁਲਨ ਦਾ ਦੇਸ਼ ਦੀ ਵਿਕਾਸ ਸੰਭਾਵਨਾ ‘ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਜ਼ਿਆਦਾ ਪਾਪੂਲੇਸ਼ਨ ਦਾ ਅਸਰ ਸਿਹਤ ਵਿਵਸਥਾ, ਸਿੱਖਿਆ ਵਿਵਸਥਾ, ਅਤੇ ਕਾਨੂੰਨ ਵਿਵਸਥਾ ਉੱਤੇ ਪੈਂਦਾ ਹੈ ।ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਜਦੋਂ ਸਰੋਤਾਂ ਦੀ ਮੰਗ ਆਬਾਦੀ ਅਨੁਪਾਤ ਤੋਂ ਵੱਧ ਜਾਂਦੀ ਹੈ, ਤਾਂ ਦੇਸ਼ ਨੂੰ ਇਸਦੇ ਨਤੀਜੇ ਭੁਗਤਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਆਬਾਦੀ ਵਿਸਫੋਟ ਦਾ ਸਭ ਤੋਂ ਵੱਡਾ ਪ੍ਰਭਾਵ ਵਾਤਾਵਰਣ ‘ਤੇ ਪੈਂਦਾ ਹੈ, ਜਿਸ ਕਾਰਨ ਹਵਾ, ਪਾਣੀ ਅਤੇ ਜ਼ਮੀਨ ਤਿੰਨੋਂ ਪ੍ਰਦੂਸ਼ਿਤ ਹੋ ਜਾਂਦੇ ਹਨ।
ਵਿਧਾਇਕ ਬਾਵਾ ਹੈਨਰੀ ਨੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਢੁਕਵੀਆਂ ਸਹੂਲਤਾਂ ਦੀ ਘਾਟ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਇਹ ਸਥਿਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ।