ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਸੂਰਾਨੱਸੀ ਇਲਾਕੇ ਵਿੱਚ ਦੇਰ ਰਾਤ ਡਰੋਨ ਦੀ ਹੱਲਚੱਲ ਦੇਖੇ ਜਾਣ ਤੋਂ ਬਾਅਦ, ਡੀਸੀ ਹਿਮਾਂਸ਼ੂ ਅਗਰਵਾਲ ਜਲੰਧਰ ਨੇ ਜਾਣਕਾਰੀ ਜਾਰੀ ਕੀਤੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਡੀ ਇੰਡੀਅਨ ਆਰਮੀ ਫੋਰਸ ਨੇ ਰਾਤ 9.20 ਵਜੇ ਦੇ ਕਰੀਬ ਪਿੰਡ ਮੰਡ ਨੇੜੇ ਇੱਕ ਡਰੋਨ ਨੂੰ ਡੇਗ ਦਿੱਤਾ। ਸਾਡੀਆਂ ਮਾਹਿਰ ਟੀਮਾਂ ਮਲਬੇ ਦੀ ਭਾਲ ਕਰ ਰਹੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਮਲਬੇ ਨੂੰ ਦੇਖਦੇ ਹਨ ਤਾਂ ਉਸ ਦੇ ਨੇੜੇ ਨਾ ਜਾਣ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਰਾਤ 10 ਵਜੇ ਤੋਂ ਬਾਅਦ ਜਲੰਧਰ ਵਿੱਚ ਕੋਈ ਡਰੋਨ ਗਤੀਵਿਧੀ ਨਹੀਂ ਦੇਖੀ ਗਈ ਹੈ। ਡੀਸੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ। ਸਾਵਧਾਨੀ ਵਜੋਂ, ਜਲੰਧਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਸਥਾਨਕ ਲੋਕਾਂ ਨੂੰ ਪਟਾਕੇ ਚਲਾਉਣ, ਡਰੋਨ ਉਡਾਉਣ ਅਤੇ ਗੈਰ-ਪ੍ਰਮਾਣਿਤ ਸੋਸ਼ਲ ਮੀਡੀਆ ਸੰਦੇਸ਼ਾਂ ਨੂੰ ਅੱਗੇ ਭੇਜਣ ‘ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਬਣੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜਲੰਧਰ ਦੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਇਲਾਕੇ ਵਿੱਚ ਕਿਸੇ ਵੀ ਖ਼ਤਰੇ ਦੀ ਸੂਚਨਾ ਮਿਲਦੀ ਹੈ, ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਅਤੇ ਤੁਹਾਨੂੰ ਸਮੇਂ ਸਿਰ ਸੂਚਿਤ ਕਰਾਂਗੇ।