ਡੈਨਵਰ- ਅਮਰੀਕਾ ਦੇ ਡੈਨਵਰ ਦੇ ਇੱਕ ਹਾਈ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਸਹਿਪਾਠੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕੇ ਇਸ ਗੋਲੀਬਾਰੀ ਦੇ ਵਿੱਚ ਦੋ ਵਿਦਿਆਰਥੀ ਜਖਮੀ ਹੋ ਗਏ। ਇਹ ਘਟਨਾ ਕੋਲੋਰਾਡੋ ਦੇ ਐਵਰ ਗਰੀਨ ਹਾਈ ਸਕੂਲ ਦੇ ਵਿੱਚ ਵਾਪਰੀ ਹੈ। ਜੋ ਕਿ ਡੈਨਵਰ ਤੋਂ ਲਗਭਗ 30 ਮੀਲ ਪੱਛਮ ਵਿੱਚ ਰੌਕੀ ਮਾਊਂਟੇਨ ਦੀ ਤਲਹਟੀ ਵਿੱਚ ਸਥਿਤ ਹੈ। ਗੋਲੀਬਾਰੀ ਦੀ ਸੂਚਨਾ ਦੁਪਹਿਰ 12:30 ਵਜੇ ਦੇ ਕਰੀਬ ਮਿਲੀ। ਜੇਫਰਸਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੀ ਮਹਿਲਾ ਬੁਲਾਰਾ ਜੈਕੀ ਕੈਲੀ ਨੇ ਕਿਹਾ ਕਿ ਸਕੂਲ ਦੀ ਇਮਾਰਤ ਦੇ ਅੰਦਰ ਅਤੇ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਪੁਲਸ 5 ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚ ਗਈ ਅਤੇ ਹਮਲਾਵਰ ਨੂੰ ਲੱਭ ਲਿਆ।
ਕੈਲੀ ਨੇ ਕਿਹਾ ਕਿ ਨੇੜਲੇ ਇਲਾਕਿਆਂ ਦੇ 100 ਤੋਂ ਵੱਧ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। 1999 ਵਿੱਚ ਇਸੇ ਕਾਉਂਟੀ ਦੇ ਕੋਲੰਬਾਈਨ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ 14 ਲੋਕ ਮਾਰੇ ਗਏ ਸਨ। ਸੇਂਟ ਐਂਥਨੀ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਕੁਲੀਨਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੀ ਉਮਰ ਦਾ ਅਜੇ ਪਤਾ ਨਹੀਂ ਹੈ। ਸਕੂਲ ਵਿੱਚ 900 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਜੰਗਲ ਨਾਲ ਘਿਰਿਆ ਹੋਇਆ ਹੈ। ਸਥਾਨਕ ਨਿਵਾਸੀ ਡੌਨ ਸਾਈਗਨ ਨੇ ਕਿਹਾ ਕਿ 18 ਵਿਦਿਆਰਥੀਆਂ ਨੇ ਉਸਦੇ ਘਰ ਵਿੱਚ ਪਨਾਹ ਲਈ।