ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਹੈਬੋਵਾਲ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੀ ਰਾਤ ਨੂੰ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਅੱਧ ਮਰਿਆ ਕਰਕੇ ਸੁੱਟ ਦਿੱਤਾ ਗਿਆ। ਇਹ ਸਾਰੀ ਵਾਰਦਾਤ ਉਥੇ ਖੜੇ ਲੋਕਾਂ ਦੇ ਸਾਹਮਣੇ ਹੋਈ ਪਰ ਕਿਸੀ ਨੇ ਵੀ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਤੋਂ ਬਾਅਦ ਉੱਥੇ ਖੜੇ ਇੱਕ ਸਿਕਿਉਰਟੀ ਗਾਰਡ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਆ ਕੇ ਉਸ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ। ਪਰ ਰਸਤੇ ਵਿੱਚ ਹੀ ਉਸ ਨੌਜਵਾਨ ਨੇ ਆਪਣਾ ਦਮ ਤੋੜ ਦਿੱਤਾ।
ਮ੍ਰਿਤਕ ਦੀ ਪਹਿਚਾਨ ਰਵੀ ਉਮਰ 25 ਸਾਲ ਦੇ ਰੂਪ ਵਿੱਚ ਹੋਈ ਹੈ।। ਰਵੀ ਦੀ ਪਤਨੀ ਨੇ ਦੱਸਿਆ ਕਿ ਉਹ ਪੰਜ ਭੈਣ ਭਰਾ ਹਨ ਅਤੇ ਉਸਦਾ ਪਤੀ ਸਭ ਤੋਂ ਛੋਟਾ ਹੈ ਅਤੇ ਮੋਮੋਜ ਦੀ ਰੇੜੀ ਲਗਾਉਂਦਾ ਹੈ। ਉਸਨੇ ਦੱਸਿਆ ਕਿ ਉਸ ਦਾ ਵਿਆਹ ਰਵੀ ਦੇ ਨਾਲ ਇੱਕ ਸਾਲ ਪਹਿਲਾਂ ਹੋਇਆ ਸੀ ।
ਜਿਸ ਤੋਂ ਬਾਅਦ ਪੰਜ ਮਹੀਨੇ ਬਾਅਦ ਉਹ ਸਨਸਿਟੀ ਕਾਲੋਨੀ ’ਚ ਇਕ ਲੇਬਰ ਕੁਆਰਟਰ ’ਚ ਰਹਿਣ ਲੱਗੇ ਸਨ। ਮੁੱਖ ਮੁਲਜ਼ਮ ਮਨੀਸ਼ ਤੇ ਉਸਦੀ ਪਤਨੀ ਵੀ ਉਸੇ ਲੇਬਰ ਕੁਆਰਟਰ ’ਚ ਰਹਿ ਰਹੇ ਸਨ।
ਲੇਬਰ ਕੁਆਰਟਰ ਦੇ ਮਕਾਨ ਮਾਲਕ ਨੇ ਰਵੀ ਨੂੰ ਸਾਰੇ ਕਿਰਾਏਦਾਰਾਂ ਤੋਂ ਕਿਰਾਇਆ ਵਸੂਲ ਕਰਨ ਲਈ ਕਿਹਾ ਸੀ। ਉਸੇ ਲੇਬਰ ਕੁਆਰਟਰ ’ਚ ਰਹਿਣ ਵਾਲੇ ਮਨੀਸ਼ ਨੇ ਦੋ ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਸੀ। 27 ਜੁਲਾਈ ਨੂੰ ਰਵੀ ਤੇ ਮਨੀਸ਼ ਦੇ ਵਿਚਕਾਰ ਕਿਰਾਇਆ ਮੰਗਣ ‘ਤੇ ਬਹਿਸ ਹੋਈ। ਇਸ ਤੋਂ ਬਾਅਦ ਮਨੀਸ਼ ਨੇ ਰਵੀ ਨਾਲ ਮਾਰਕੁੱਟ ਵੀ ਕੀਤੀ।
ਵੀਰਵਾਰ ਨੂੰ ਮਨੀਸ਼ ਆਪਣੀ ਗਰਭਵਤੀ ਪਤਨੀ ਨਾਲ ਕਿਰਾਏ ਦਾ ਕਮਰਾ ਖਾਲੀ ਕਰ ਕੇ ਆਪਣੇ ਸਹੁਰੇ ਘਰ ਚਲਾ ਗਿਆ, ਜੋ ਉਸੇ ਇਲਾਕੇ ’ਚ ਰਹਿੰਦੇ ਹਨ। ਰਾਤ ਕਰੀਬ 10:15 ਵਜੇ ਰਵੀ ਕੰਮ ਨਿਬੇੜ ਕੇ ਘਰ ਆਇਆ ਤਾਂ ਉਸ ਨੂੰ ਮਨੀਸ਼ ਦਾ ਫੋਨ ਆਇਆ। ਮਨੀਸ਼ ਨੇ ਕਿਹਾ ਕਿ ਉਹ ਆਪਣੇ ਦੁਰਵਿਵਹਾਰ ਲਈ ਮਾਫੀ ਮੰਗਣਾ ਚਾਹੁੰਦਾ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਹੈ। ਰਵੀ ਨੇ ਉਸ ਨੂੰ ਸਵੇਰੇ ਮਿਲਣ ਲਈ ਕਿਹਾ, ਪਰ ਮਨੀਸ਼ ਨੇ ਜ਼ਿੱਦ ਕੀਤੀ ਅਤੇ ਰਵੀ ਮਿਲਣ ਚਲਾ ਗਿਆ। ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਮਨੀਸ਼ ਤੇ ਉਸਦੇ ਸਾਥੀਆਂ ਨੇ ਰਵੀ ਦੀ ਹੱਤਿਆ ਕਰ ਦਿੱਤੀ।
ਪੁਲਸ ਨੇ ਪਰਿਵਾਰ ਦੇ ਬਿਆਨਾਂ ਉੱਤੇ ਪਰਚਾ ਦਰਜ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪੁਲਸ ਵਲੋਂ ਮੁੱਖ ਦੋਸ਼ੀ ਮਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪਰ ਇਸ ਗੱਲ ਦੀ ਅਜੇ ਤਕ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ।