ਜਲੰਧਰ -(ਮਨਦੀਪ ਕੌਰ)- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਹਾਰਕਾਂ ਰੋਡ ਉੱਤੇ ਸਕੂਲੀ ਬੱਚਿਆਂ ਦੇ ਵੱਲੋਂ ਬਣੇ ਦੋ ਗੁੱਟਾਂ ਨੇ ਆਪਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜ਼ਖਮੀ ਦੀ ਪਹਿਚਾਨ ਅਸ਼ਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਗਿਆਰਵੀਂ ਕਲਾਸ ਦਾ ਵਿਦਿਆਰਥੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਝਗੜਾ ਸਕੂਲ ਤੋਂ ਸ਼ੁਰੂ ਹੋਇਆ ਸੀ। ਜਿੱਥੇ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਵਿੱਚ ਕਿਸੀ ਗਲਤ ਫਹਿਮੀ ਨੂੰ ਲੈ ਕੇ ਬਹਿਸ ਹੋਈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਾਈ ਝਗੜੇ ਤੋਂ ਬਾਅਦ ਦੋਨਾਂ ਨੇ ਆਪਸੀ ਸਮਝੌਤਾ ਕਰਨ ਲਈ ਲੁਹਾਰਕਾ ਰੋਡ ਇਕੱਠੇ ਹੋਣ ਦਾ ਫੈਸਲਾ ਕੀਤਾ। ਜਦੋਂ ਦੋਵੇਂ ਗੁੱਟ ਲੁਹਾਰਕਾ ਰੋਡ ਇਕੱਠੇ ਹੋਏ ਤਾਂ ਉੱਥੇ ਫਿਰ ਦੋਵਾਂ ਗੁੱਟਾਂ ਦੇ ਵਿੱਚ ਲੜਾਈ ਝਗੜਾ ਹੋ ਗਿਆ।

ਇਸ ਦੌਰਾਨ ਨੌਜਵਾਨ ਨਿਜਾਮ ਦੇ ਸਾਥੀ ਹਰਿੰਦਰ ਸਿੰਘ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਅਸ਼ਪ੍ਰੀਤ ਸਿੰਘ ਦੇ ਪੈਰ ਦੇ ਵਿੱਚ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਲੁਹਾਰਕਾ ਰੋਡ ਉੱਤੇ ਇਹਨਾਂ ਬੱਚਿਆਂ ਦੇ ਵੱਲੋਂ ਤਕਰੀਬਨ 5 ਤੋਂ 6 ਰਾਊਂਡ ਫਾਇਰ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਰਿਵਾਲਵਰ ਦੇ ਵਿੱਚੋਂ ਫਾਇਰਿੰਗ ਹੋਈ ਹੈ ਉਹ ਹਥਿਆਰ ਲਾਇਸੰਸੀ ਹੈ ਜਾਂ ਨਹੀਂ ।
ਬਾਕੀ ਪੁਲਿਸ ਨੇ ਇਹ ਸਾਫ ਕੀਤਾ ਹੈ ਕਿ ਹਜੇ ਤੱਕ ਦੂਸਰੀ ਪਾਰਟੀ ਦੇ ਵੱਲੋਂ ਫਾਇਰਿੰਗ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬਾਕੀ ਜਖਮੀ ਨੌਜਵਾਨ ਅਜੇ ਬਿਆਨ ਦੇਣ ਦੀ ਹਾਲਾਤ ਦੇ ਵਿੱਚ ਨਹੀਂ ਹੈ ਜਿਵੇਂ ਹੀ ਉਹ ਬਿਆਨ ਦੇਣ ਦੇ ਹਾਲਾਤ ਤਾਂ ਦੇ ਵਿੱਚ ਹੋਵੇਗਾ ਉਸਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

