ਮਲੋਟ -(ਮਨਦੀਪ ਕੌਰ )- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡਾਕਟਰ ਅਖਿਲ ਚੌਧਰੀ, ਆਈਪੀਐਸ ,ਐਸਐਸਪੀ, ਸ਼੍ਰੀ ਮੁਕਤਸਰ ਸਾਹਿਬ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਨਿਰੰਤਰ ਕਾਰਵਾਈ ਜਾਰੀ ਹੈ।ਇਸੇ ਅਧੀਨ ਸੀਆਈਏ ਸਟਾਫ ਮਲੋਟ ਅਤੇ ਥਾਣਾ ਸਦਰ ਮਲੋਟ ਵੱਲੋਂ ਪੈਟਰੋਲਿੰਗ ਦੌਰਾਨ 300 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਮਲੋਟ ਨੇੜੇ ਜੀ.ਟੀ. ਰੋਡ ਅਬੋਹਰ-ਬਠਿੰਡਾ ਬਾਈਪਾਸ ਵਿਖੇ ਇੱਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ \‘ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਬਲਵੰਤ ਸਿੰਘ ਉਰਫ ਲੱਧਾ ਅਤੇ ਲੜਕੀ ਨੇ ਆਪਣਾ ਨਾਮ ਕਾਜਲ ਰਾਣੀ (ਉਸਦੀ ਧੀ) ਵਜੋਂ ਦੱਸਿਆ। ਦੋਹਾਂ ਵਾਸੀ ਪਿੰਡ ਚੱਕ ਬਲੋਚਾ, ਮਾਹਲਮ, ਜ਼ਿਲਾ ਫਾਜ਼ਿਲਕਾ ਹਨ।
ਤਲਾਸ਼ੀ ਦੌਰਾਨ ਦੋਹਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਮਲੋਟ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21(ਸੀ)/61/85 ਅਧੀਨ ਮਾਮਲਾ ਨੰ: 62 ਮਿਤੀ 28.07.2025 ਨੂੰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।ਐਸ.ਐਸ.ਪੀ. ਮੁਕਤਸਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਜ਼ਿਲੇ ਵਿਚੋਂ ਨਸ਼ੇ ਦੇ ਜੜ੍ਹਾਂ ਖਤਮ ਕਰਣ ਲਈ ਪੁਲਿਸ ਵਚਨਬੱਧ ਹੈ।

