ਪੰਜਾਬ -(ਮਨਦੀਪ ਕੌਰ )- ਪੰਜਾਬ ਵਿੱਚ ਕਿਸਾਨਾਂ ਵੱਲੋਂ “ਲੈਂਡ ਪੁਲਿੰਗ ਸਕੀਮ” ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਅਹਿਮ ਮੀਟਿੰਗ ਜਲੰਧਰ ਵਿੱਚੋਂ ਹੋਈ ਜਿਸ ਦੀ ਦੇਖਰੇਖ ਸਰਵਨ ਸਿੰਘ ਪੰਧੇਰ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਨੇ ਕੀਤੀ । ਇਸ ਮੀਟਿੰਗ ਦੇ ਵਿੱਚ ਖੇਤ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਕਿਸਾਨ ਮਹਾ ਪੰਚਾਇਤ ਦੀ ਤਿਆਰੀ ਕੀਤੀ ਗਈ। ਇਹ ਮਹਾ ਪੰਚਾਇਤ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਲੰਬਾ ਸਮਾਂ ਸੋਚ-ਵਿਚਾਰ ਕਰਨ ਤੋਂ ਬਾਅਦ ਦਾਣਾ ਮੰਡੀ, ਕੁੱਕੜ ਪਿੰਡ, ਜਲੰਧਰ ਨੂੰ 20 ਅਗਸਤ ਨੂੰ ਹੋਣ ਵਾਲੀ ਵੱਡੀ ਮਹਾ- ਪੰਚਾਇਤ ਲਈ ਅੰਤਿਮ ਸਥਾਨ ਘੋਸ਼ਿਤ ਕੀਤਾ ਗਿਆ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਉੱਥੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਜੋ ਭਗਵੰਤ ਮਾਨ ਸਰਕਾਰ ਦੇ ਤਾਨਾਸ਼ਾਹੀ ਹੁਕਮਾਂ ਦਾ ਵਿਰੋਧ ਕਰ ਰਹੇ ਸਨ ਆਗੂਆਂ ਨੇ ਲੈਂਡ ਪੁਲਿੰਗ ਨੀਤੀ ਦੀ ਸਖਤ ਨਿੰਦਿਆ ਕਰਦੇ ਹੋਏ ਇਸ ਨੂੰ ਇੱਕ ਲੁਕਵੀਂ ਜਮੀਨ ਹੜਪਣ ਦੀ ਸਾਜ਼ਿਸ਼ ਕਰਾਰ ਦਿੱਤਾ। ਅਤੇ ਨਾਲ ਹੀ ਕਿਹਾ ਕਿ ਇਹ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਉੱਤੇ ਹਮਲਾ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੀ ਜਮੀਨ ਰੁਜ਼ਗਾਰ ਅਤੇ ਪਿੰਡ ਦੀ ਪਹਿਚਾਨ ਨੂੰ ਬਚਾਉਣ ਲਈ ਵਿਸ਼ਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ।
ਮਹਾ ਪੰਚਾਇਤ ਤੋਂ ਪਹਿਲਾਂ ਕਿਸਾਨ ਮਜ਼ਦੂਰ ਮੋਰਚਾ ਵੱਲੋਂ 11 ਅਗਸਤ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਜਿਸ ਰਾਹੀਂ ਉਹ ਪਿੰਡ ਪਿੰਡ ਜਾ ਕੇ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਦਾ ਸਮਰਥਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 11 ਅਗਸਤ ਨੂੰ ਪੰਜਾਬ ਦੇ ਲੋਕ ਦਿਖਾ ਦੇਣਗੇ ਕਿ ਉਹ ਕਿਸਾਨਾਂ ਅਤੇ ਖੇਤੀ ਨੂੰ ਤਬਾਹ ਕਰਨ ਵਾਲੀ ਇਸ ਜਮੀਨ ਹੜਪਣ ਦੀ ਨਿਰੀਤੀ ਵਿਰੁੱਧ ਕਿਵੇਂ ਇੱਕ ਮੁੱਠ ਹੁੰਦੇ ਹਨ ਇਸ ਮੌਕੇ ਮਜ਼ਦੂਰ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜੀਰਾ, ਗੁਰਮਨ ਨੀਤ ਸਿੰਘ ਮਾਂਗਟ ,ਜਸਵਿੰਦਰ ਸਿੰਘ ਗਿੱਲ ਸਭਰਾਵਾਂ, ਬਲਵੰਤ ਸਿੰਘ ਬਹਿਰਾਮਕੇ,ਓਮਕਾਰ ਸਿੰਘ ਪੁਰਾਨਾ ਭੰਗਾਲਾ ,ਨੇਕ ਸਿੰਘ, ਸੇਖੋਵਾਲ ,ਸੁਖਬੀਰ ਸਿੰਘ ਬੀੜ ਕੁੱਕੜ ਪਿੰਡ ,ਬਲਬੀਰ ਸਿੰਘ ਕੋਟਕਲਾ, ਅਮਰਜੀਤ ਸਿੰਘ, ਬਲਬੀਰ ਸਿੰਘ, ਬਲਕਾਰ ਸਿੰਘ ,ਜਸਬੀਰ ਸਿੰਘ ,ਧਰਮਿੰਦਰ ਭਿੰਦਾ ,ਭੁਪਿੰਦਰ ਸਿੰਘ ਬੋਬੀ, ਭੁਪਿੰਦਰ ਸਿੰਘ ਭਿੰਦਾ, ਸਰਬਜੀਤ ਸਿੰਘ ਜੈਤੋ ਮੌਜੂਦ ਸਨ।