ਭਾਖੜਾ ਡੈਮ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ \‘ਤੇ ਪਿੰਡ ਨੈੱਲਾ ਨੇੜੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਖੁਸ਼ਕਿਸਮਤੀ ਨਾਲ ਇਹ ਬੱਦਲ ਆਬਾਦੀ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਹਾੜੀ ਖੇਤਰ ਵਿੱਚ ਫਟਿਆ, ਜਿਸ ਕਰਕੇ ਵੱਡਾ ਜਾਨੀ ਨੁਕਸਾਨ ਟਲ ਗਿਆ। ਬੱਦਲ ਫਟਣ ਨਾਲ ਪੂਰੀ ਪਹਾੜੀ ਮਲਬੇ ਵਿੱਚ ਤਬਦੀਲ ਹੋ ਗਈ ਅਤੇ ਵੱਡੀ ਮਾਤਰਾ ਵਿੱਚ ਪੱਥਰ, ਮਿੱਟੀ, ਬੂਟੇ ਤੇ ਰੇਤ ਸਤਲੁਜ ਦਰਿਆ ਵਿੱਚ ਜਾ ਡਿੱਗੇ।
ਇਸ ਮਲਬੇ ਦੇ ਕਾਰਨ ਬੀਬੀਐਮਬੀ ਦੀ ਰੇਲਵੇ ਲਾਈਨ ਅਤੇ ਪੱਕੀ ਸੜਕ ਲਗਭਗ 10 ਫੁੱਟ ਹੇਠਾਂ ਦੱਬ ਗਈ। ਇਸ ਨਾਲ ਭਾਖੜਾ ਡੈਮ ਅਤੇ ਨਾਲ ਲੱਗਦੇ ਦਰਜਨਾਂ ਪਿੰਡਾਂ ਦਾ ਨੰਗਲ ਨਾਲ ਸਿੱਧਾ ਸੰਪਰਕ ਟੁੱਟ ਗਿਆ ਹੈ। ਪਿਛਲੇ 25 ਦਿਨਾਂ ਤੋਂ ਬੀਬੀਐਮਬੀ ਦੀ ਮੁਫ਼ਤ ਟ੍ਰੇਨ, ਜੋ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੂੰ ਲਿਜਾਣ ਲਈ ਮਸ਼ਹੂਰ ਹੈ, ਨੰਗਲ ਤੋਂ ਭਾਖੜੇ ਵੱਲ ਨਹੀਂ ਚੱਲ ਰਹੀ। ਇਸ ਕਰਕੇ ਲੋਕਾਂ ਨੂੰ ਹੁਣ 12-15 ਕਿਲੋਮੀਟਰ ਵਾਧੂ ਸਫ਼ਰ ਕਰਕੇ ਨੰਗਲ ਪਹੁੰਚਣਾ ਪੈਂਦਾ ਹੈ, ਜਦਕਿ ਪਹਿਲਾਂ ਇਹ ਦੂਰੀ ਸਿਰਫ਼ 3 ਕਿਲੋਮੀਟਰ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਾਰਸ਼ ਅਤੇ ਲੈਂਡਸਲਾਈਡਿੰਗ ਕਾਰਨ ਭਾਖੜਾ ਡੈਮ ਤੱਕ ਪਹੁੰਚਣਾ ਬਹੁਤ ਔਖਾ ਹੋ ਗਿਆ ਹੈ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਨੂੰ ਟਰੈਕ ਅਤੇ ਸੜਕ ਸਾਫ਼ ਕਰਨ ਲਈ ਲਾਇਆ ਗਿਆ ਹੈ, ਪਰ ਜਿਸ ਤਰ੍ਹਾਂ ਮਲਬਾ ਡਿੱਗਿਆ ਹੋਇਆ ਹੈ, ਉਸਨੂੰ ਹੱਥੀਂ ਸਾਫ਼ ਕਰਨ ਵਿੱਚ ਕਈ ਮਹੀਨੇ ਲੱਗ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਡੀਆਂ ਮਸ਼ੀਨਾਂ ਨਾਲ ਮਲਬੇ ਨੂੰ ਜਲਦੀ ਹਟਾ ਕੇ ਰਸਤਾ ਖੋਲ੍ਹੇ ।
ਇਹ ਵੀ ਯਾਦ ਰਹੇ ਕਿ ਜੇ ਇਹ ਬੱਦਲ ਆਬਾਦੀ ਵਾਲੇ ਖੇਤਰ ਵਿੱਚ ਫਟਦਾ ਤਾਂ ਤਬਾਹੀ ਹੋਰ ਵੀ ਭਿਆਨਕ ਹੋ ਸਕਦੀ ਸੀ। ਫਿਲਹਾਲ ਭਾਖੜਾ ਡੈਮ ਜਾਣ ਵਾਲੀ ਬੱਸ ਸੇਵਾ ਵੀ ਰੋਕ ਦਿੱਤੀ ਗਈ ਹੈ ਅਤੇ ਦਰਸ਼ਕਾਂ ਨੂੰ ਡੈਮ ਦੇਖਣ ਨਹੀਂ ਜਾਣ ਦਿੱਤਾ ਜਾ ਰਿਹਾ।