ਪੰਜਾਬ -(ਮਨਦੀਪ ਕੌਰ )- ਥਾਣਾ ਦੇਹਲੋ ਦੇ ਪਿੰਡ ਲਹਿਰਾ ਦੇ ਵਿੱਚ ਸ਼ਨੀਵਾਰ ਦੀ ਰਾਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਅਹਿਮਦਗੜ ਦੇ ਪ੍ਰਧਾਨ ਸੁਖਵਿੰਦਰ ਸਿੰਘ ਸ਼ਿੰਦਾ ਦੇ ਘਰ ਕੁਝ ਅਗਿਆਤ ਵਿਅਕਤੀਆਂ ਦੇ ਵੱਲੋਂ ਵੜ ਕੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਉਨਾਂ ਦੇ ਵਿਹੜੇ ਦੇ ਵਿੱਚ ਖੜੀ ਸਵਿਫਟ ਡਿਜ਼ਾਇਰ ਗੱਡੀ ਉੱਤੇ ਪੈਟਰੋਲ ਛਿੜਕ ਕੇ ਉਸਨੂੰ ਵੀ ਅੱਗ ਲਗਾ ਦਿੱਤੀ ਗਈ।
ਜਾਣਕਾਰੀ ਮੁਤਾਬਿਕ ਸੁਖਵਿੰਦਰ ਸਿੰਘ ਸ਼ਿੰਦਾ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਲਹਿਰਾ ਨੇ ਦੱਸਿਆ ਕਿ ਰਾਤ ਲਗਭਗ 11 ਵਜੇ ਉਹ ਘਰ ਦਾ ਗੇਟ ਬੰਦ ਕਰਕੇ ਸੋਣ ਜਾ ਰਹੇ ਸਨ ਇਸੇ ਦੌਰਾਨ ਕੁਝ ਅਗਿਆਤ ਵਿਅਕਤੀਆਂ ਵੱਲੋਂ ਗੇਟ ਟੱਪ ਕੇ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਵਿੰਦਰ ਸਿੰਘ ਸ਼ਿੰਦਾ ਭੱਜ ਕੇ ਆਪਣੇ ਕਮਰੇ ਵੱਲ ਗਏ ਅਤੇ ਕਮਰਾ ਬੰਦ ਕਰ ਲਿਆ। ਜਿਸ ਨਾਲ ਉਹਨਾਂ ਨੇ ਆਪਣੀ ਜਾਨ ਬਚਾਈ।
ਉਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਵੇੜੇ ਦੇ ਵਿੱਚ ਖੜੀ ਸਵਿਫਟ ਕਾਰ ਉੱਤੇ ਪੈਟਰੋਲ ਛਿੜਕਿਆ ਅਤੇ ਕਾਰ ਨੂੰ ਅੱਗ ਲਗਾ ਦਿੱਤੀ। ਸੁਖਵਿੰਦਰ ਸਿੰਘ ਸ਼ਿੰਦਾ ਦੇ ਸ਼ੋਰ ਮਚਾਉਣ ਉਪਰੰਤ ਉਹ ਵਿਅਕਤੀ ਭੱਜ ਗਏ ਅਤੇ ਜਾਣ ਲੱਗੇ ਗੇਟ ਉੱਤੇ ਵੀ ਕਾਫੀ ਗੋਲੀਆਂ ਚਲਾ ਕੇ ਗਏ। ਵਿਅਕਤੀ ਨੇ ਇਹ ਵੀ ਦੱਸਿਆ ਕਿ ਉਹਨਾਂ ਅਗਿਆਤ ਵਿਅਕਤੀਆਂ ਵੱਲੋਂ ਉਸ ਦੇ ਚਾਚਾ ਦੇ ਪੁੱਤਰ ਦੀ ਫੈਕਟਰੀ ਦੇ ਸਾਹਮਣੇ ਪਈ ਪਰਾਲੀ ਨੂੰ ਵੀ ਅੱਗ ਲਗਾ ਦਿੱਤੀ ਗਈ। ਜਿਸ ਦੇ ਨਾਲ ਪਰਾਲੀ ਦਾ ਵੀ ਕਾਫੀ ਜਿਆਦਾ ਨੁਕਸਾਨ ਹੋਇਆ।
ਸੁਖਵਿੰਦਰ ਸਿੰਘ ਸ਼ਿੰਦਾ ਨੇ ਆਰੋਪ ਲਗਾਇਆ ਹੈ ਕਿ ਇਹ ਹਮਲਾ ਉਸ ਦੇ ਪਿੰਡ ਦੇਹੀ ਨਸ਼ਾ ਤਸਕਰਾਂ ਅਤੇ ਉਨਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ । ਕੁਝ ਸਮਾਂ ਪਹਿਲਾਂ ਸ਼ਿੰਦਾ ਨੇ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ” ਯੁੱਧ ਨਸ਼ੇ ਵਿਰੁੱਧ ” ਦੇ ਤਹਿਤ ਕੁਲਦੀਪ ਸਿੰਘ ਦੇ ਇੱਕ ਸਾਥੀ ਨੂੰ ਪੁਲੀਸ ਕੋਲ ਫੜਾਇਆ ਸੀ। ਉਸੇ ਰੰਜਿਸ਼ ਦੇ ਤਹਿਤ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦੇਹਲੋਂ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਸਾਰੀ ਘਟਨਾ ਦੀ ਜਾਂਚ ਕੀਤੀ। ਐਸਐਚ ਓ ਸੁਖਵਿੰਦਰ ਸਿੰਘ ਨੇ ਇੱਕ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮੁਜਰਮ ਉਹਨਾਂ ਦੀ ਹਿਰਾਸਤ ਦੇ ਵਿੱਚ ਹੋਣਗੇ।