ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦੱਸ ਦਈਏ ਜੰਡਿਆਲਾ ਗੁਰੂ ਵਿੱਚ ਇੱਕ ਵਕੀਲ ਉੱਤੇ ਕੁਝ ਬਦਮਾਸ਼ਾਂ ਵੱਲੋਂ ਤਾਬੜ- ਤੋੜ ਗੋਲੀਆਂ ਚਲਾਈਆਂ ਗਈਆਂ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਜ਼ਖਮੀ ਵਕੀਲ ਦੀ ਪਹਿਚਾਣ ਲਖਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਹੋਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਵਿੱਚ ਜਾ ਰਿਹਾ ਸੀ। ਜਿਵੇਂ ਹੀ ਲਖਵਿੰਦਰ ਸਿੰਘ ਦੀ ਕਾਰ ਜੰਡਿਆਲਾ ਗੁਰੂ ਕੋਲ ਪਹੁੰਚੀ । ਤਾਂ ਪਹਿਲਾਂ ਤੋਂ ਰੇਕੀ ਕਰ ਰਹੇ ਤਿੰਨ ਨੌਜਵਾਨਾਂ ਨੇ ਲਖਵਿੰਦਰ ਸਿੰਘ ਦੀ ਕਾਰ ਉੱਤੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਾਰੀ ਵਾਰਦਾਤ ਦੇ ਵਿੱਚ ਵਕੀਲ ਲਖਵਿੰਦਰ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਸ ਨੂੰ ਉਥੋਂ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਗੁਰੂ ਕਾ ਜੰਡਿਆਲਾ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਨੂੰ ਘੇਰ ਕੇ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਆਸ ਪਾਸ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ। ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ । ਅਜੇ ਤੱਕ ਤਾਂ ਨਾ ਤਾਂ ਕਿਸੇ ਪੁਰਾਣੀ ਰੰਜਿਸ਼ ਅਤੇ ਨਾ ਹੀ ਕਿਸੇ ਸੁਪਾਰੀ ਵਾਲੀ ਵਾਰਦਾਤ ਦੇ ਸਬੂਤ ਮਿਲੇ ਹਨ। ਇਸ ਸਭ ਦੇ ਬਾਅਦ ਮਾਮਲਾ ਹੋਰ ਵੀ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ।
ਜੰਡਿਆਲਾ ਡੀਐਸਪੀ ਰਵਿੰਦਰ ਸਿੰਘ ਨੇ ਸਾਰੀ ਘਟਨਾ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਦੇ ਹੋਏ ਇਹ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇਗੀ।

