ਤਰਨ ਤਾਰਨ -(ਮਨਦੀਪ ਕੌਰ )- ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਿਰੋਤੀ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।। ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਭਿੱਖੀਵਿੰਡ ਵਿਖੇ ਮੰਦਰ ਵਾਲੀ ਗਲੀ ਵਿੱਚ ਮੌਜੂਦਾ ਚੋਪੜਾ ਹਸਪਤਾਲ ਉੱਤੇ ਦੋ ਅੰਣ-ਪਛਾਤੇ ਵਿਅਕਤੀਆਂ ਦੇ ਵੱਲੋਂ ਅੰਨੇ ਵਾਹੀ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਨੇ ਮੁਜਰਮ ਮੌਕੇ ਉੱਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ।
ਖੁਸ਼ਕਿਸਮਤੀ ਇਹ ਰਹੀ ਕਿ ਇਸ ਵਾਰਦਾਤ ਦੇ ਵਿੱਚ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਜਦੋਂ ਇਹ ਵਾਰਦਾਤ ਵਾਪਰੀ ਉਸ ਸਮੇਂ ਹਸਪਤਾਲ ਦੇ ਵਿੱਚ ਕਈ ਮਰੀਜ਼ ਮੌਜੂਦ ਸਨ। ਦੱਸਣ ਯੋਗ ਹੈ ਕਿ ਗੈਂਗਸਟਰ ਪ੍ਰਭੂ ਦਾਸੂਵਾਲ ਵੱਲੋਂ ਇਸ ਹਸਪਤਾਲ ਦੇ ਮਾਲਕ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪ੍ਰਭੂ ਦਾਸੂਵਾਲ ਦੇ ਇਸ਼ਾਰੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਉਹਨਾਂ ਦੱਸਿਆ ਕਿ ਮੁਜਰਮਾ ਦੀ ਭਾਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ। ਡੀਐਸਪੀ ਨੇ ਦੱਸਿਆ ਕਿ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਕੁਝ ਨੌਜਵਾਨ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ, ਜੋ ਕਿ ਠੀਕ ਗੱਲ ਨਹੀਂ ਹੈ। ਡੀਐਸਪੀ ਨੇ ਦੱਸਿਆ ਕਿ ਹਸਪਤਾਲ ਦੇ ਮਾਲਕ ਨਿਤਿਨ ਚੋਪੜਾ ਦੇ ਬਿਆਨਾਂ ਦੇ ਆਧਾਰ ਉਤੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਸਖਤੀ ਨਾਲ ਕੀਤੀ ਜਾਵੇਗੀ।

