Operation Sindoor: ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਹਾਲਾਤ ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਮੁਖੀ ਨੂੰ ਟੈਰੀਟੋਰੀਅਲ ਆਰਮੀ (Territorial Army–TA) ਨੂੰ ਇਕੱਤਰ ਕਰਨ ਦਾ ਅਖ਼ਤਿਆਰ ਦਿੱਤਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਫੌਜ ਮੁਖੀ ਨੂੰ ਰਾਸ਼ਟਰੀ ਸੁਰੱਖਿਆ ਲਈ Territorial Army ਵਿੱਚ ਸ਼ਾਮਲ ਹਰ ਵਿਅਕਤੀ ਨੂੰ ਬੁਲਾਉਣ ਜਾਂ ਫੌਜ ਦੀ ਸਹਾਇਤਾ ਲਈ ਸ਼ਕਤੀ ਦੇ ਦਿੱਤੀ ਹੈ। ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਟੈਰੀਟੋਰੀਅਲ ਆਰਮੀ ਦਾ ਹਿੱਸਾ ਹਨ। ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਕਾਰਨ ਸਰਹੱਦੀ ਡਿਊਟੀ ‘ਤੇ ਤਾਇਨਾਤ ਕੀਤਾ ਜਾ ਸਕਦਾ ਹੈ
ਟੈਰੀਟੋਰੀਅਲ ਆਰਮੀ ਇਕ ਰਿਜ਼ਰਵ ਫੋਰਸ ਵਾਂਗ ਹੈ। ਟੀਏ ਵਿੱਚ ਭਰਤੀ ਹੋਏ ਲੋਕ ਫੌਜਾਂ ਤੋਂ ਬਾਹਰ ਨਿਯਮਤ ਨੌਕਰੀਆਂ ਕਰ ਸਕਦੇ ਹਨ ਅਤੇ ਜ਼ਰੂਰੀ ਸਥਿਤੀ ਵਿੱਚ ਫ਼ੌਜੀ ਸੇਵਾ ਲਈ ਬੁਲਾਏ ਜਾ ਸਕਦੇ ਹਨ। ਟੀਏ ਇਹ ਨਿਯਮਤ ਫੌਜ ਤੋਂ ਵੀ ਅਧਿਕਾਰੀ ਪ੍ਰਾਪਤ ਕਰ ਸਕਦੀ ਹੈ। ਟੀਏ ਦੀ ਅਗਵਾਈ ਇੱਕ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਂਦੀ ਹੈ।
ਮੌਜੂਦਾ 32 ਇਨਫੈਂਟਰੀ ਬਟਾਲੀਅਨਾਂ (ਟੈਰੀਟੋਰੀਅਲ ਆਰਮੀ) ਵਿੱਚੋਂ, ਫੌਜ ਮੁਖੀ ਨੂੰ ਦੱਖਣੀ ਕਮਾਂਡ, ਪੂਰਬੀ ਕਮਾਂਡ, ਪੱਛਮੀ ਕਮਾਂਡ, ਕੇਂਦਰੀ ਕਮਾਂਡ, ਉੱਤਰੀ ਕਮਾਂਡ, ਦੱਖਣੀ ਪੱਛਮੀ ਕਮਾਂਡ ਅਤੇ ਅੰਡੇਮਾਨ ਤੇ ਨਿਕੋਬਾਰ ਕਮਾਂਡ ਤੇ ਫੌਜ ਸਿਖਲਾਈ ਕਮਾਂਡ (Andaman and Nicobar Command and Army Training Command – ARTRAC) ਦੇ ਖੇਤਰਾਂ ਵਿੱਚ ਤਾਇਨਾਤੀ ਲਈ TA ਦੀਆਂ 14 ਇਨਫੈਂਟਰੀ ਬਟਾਲੀਅਨਾਂ ਦਾ ਰੂਪ ਦੇਣ ਦਾ ਅਖ਼ਤਿਆਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਸਵੇਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਪੱਛਮੀ ਸਰਹੱਦ ‘ਤੇ ਸੁਰੱਖਿਆ ਸਥਿਤੀ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਕਾਰਜਸ਼ੀਲ ਤਿਆਰੀ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਅਤੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਮੌਜੂਦ ਸਨ। ਇਹ ਕਦਮ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਵਿਚਕਾਰ ਚੁੱਕਿਆ ਗਿਆ ਹੈ। ਭਾਰਤੀ ਹਥਿਆਰਬੰਦ ਬਲਾਂ ਨੇ 6-7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ।