ਪੰਜਾਬ -(ਮਨਦੀਪ ਕੌਰ )- ਮੋਹਾਲੀ ਵਿਜੀਲੈਂਸ ਟੀਮ ਨੇ ਬਠਿੰਡਾ ਦੇ ਇੱਕ ਕਾਂਸਟੇਬਲ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਕਾਨਸਟੇਬਲ ਅਰੁਣ ਕੁਮਾਰ ਜੋ ਕਿ ਬਠਿੰਡਾ ਥਰਮਲ ਪੁਲਿਸ ਸਟੇਸ਼ਨ ਦੇ ਵਿੱਚ ਜਾਂਚ ਅਧਿਕਾਰੀ ਵਜੋਂ ਤੈਨਾਤ ਸੀ।
ਗੋਨਿਆਨਾ ਮੰਡੀ ਦੇ ਇੱਕ ਮਕੈਨਿਕ ਜਗਜੀਤ ਸਿੰਘ ਦੀ ਸ਼ਿਕਾਇਤ ਉੱਤੇ ਇਹ ਗ੍ਰਿਫਤਾਰੀ ਕੀਤੀ ਗਈ ਹੈ। ਜਗਜੀਤ ਸਿੰਘ ਦੇ ਅਨੁਸਾਰ ਕਾਂਸਟੇਬਲ ਅਰੁਣ ਕੁਮਾਰ ਕੇਸ ਦਰਜ ਨਾ ਕਰਨ ਦੇ ਬਦਲੇ ਉਸ ਤੋਂ ਬਾਰ-ਬਾਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਗਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਥਰਮਲ ਪੁਲਿਸ ਸਟੇਸ਼ਨ ਵਿੱਚ ਉਸ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ ਅਰੁਣ ਕੁਮਾਰ ਕਾਨਸਟੇਬਲ ਨੇ ਉਸਨੂੰ ਫੋਨ ਕੀਤਾ ਤੇ ਧਮਕੀਆਂ ਦਿੱਤੀਆਂ ਅਤੇ ਕੇਸ ਨਾ ਦਰਜ ਕਰਨ ਦੇ ਲਈ ਪੈਸਿਆਂ ਦੀ ਮੰਗ ਕੀਤੀ।
ਸ਼ਿਕਾਇਤ ਕਰਤਾ ਦੇ ਅਨੁਸਾਰ ਕਾਂਸਟੇਬਲ ਨੇ ਉਸ ਤੋਂ ਪਹਿਲਾਂ 10000 ਰੁਪਏ ਅਤੇ ਫਿਰ 5000 ਰੁਪਏ ਲਏ। ਜਦੋਂ ਕਾਂਸਟੇਬਲ ਨੇ ਤੀਜੀ ਵਾਰ 10000 ਰੁਪਏ ਦੀ ਮੰਗ ਕੀਤੀ ਤਾਂ ਜਗਜੀਤ ਸਿੰਘ ਨੇ ਭਗਵੰਤ ਸਿੰਘ ਮਾਨ ਦੇ ਪੋਰਟਲ ਉੱਤੇ ਇਸ ਸਬੰਧ ਦੇ ਵਿੱਚ ਸ਼ਿਕਾਇਤ ਦਰਜ ਕੀਤੀ । ਮੁੱਖ ਮੰਤਰੀ ਦਫਤਰ ਨੇ ਉਨਾਂ ਨੂੰ ਵਿਜੀਲੈਂਸ ਚੰਡੀਗੜ੍ਹ ਨਾਲ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ। ਜਗਜੀਤ ਸਿੰਘ ਚਾਰ ਦਿਨ ਪਹਿਲਾਂ ਵਿਜਲੈਂਸ ਟੀਮ ਨਾਲ ਮਿਲੇ ਸਨ ਅਤੇ ਅੱਜ ਜਦੋਂ ਕਾਂਸਟੇਬਲ ਅਰੁਣ ਕੁਮਾਰ ਉਹਨਾਂ ਤੋਂ 10 ਹਜਾਰ ਰੁਪਏ ਲੈ ਰਿਹਾ ਸੀ ਤਾਂ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਦੇ ਵਿੱਚ ਉਸ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਦੀ ਟੀਮ ਕਾਨਸਟੇਬਲ ਅਰੁਣ ਕੁਮਾਰ ਨੂੰ ਚੰਡੀਗੜ੍ਹ ਲੈ ਗਈ ਹੈ । ਜਿੱਥੇ ਉਸਦੇ ਖਿਲਾਫ ਅਗਲੇਰੀ ਜਾਂਚ ਕੀਤੀ ਜਾਵੇਗੀ।

