ਬਰਨਾਲਾ-(ਮਨਦੀਪ ਕੌਰ )- ਵਿਜੀਲੈਂਸ ਬਿਊਰੋ ਬਰਨਾਲਾ ਯੂਨਿਟ ਵੱਲੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਨੇ ਧਨੌਲਾ ਥਾਣੇ ਵਿੱਚ ਤਾਇਨਾਤ ਏਐਸਆਈ ਸੁਖਦੇਵ ਸਿੰਘ ਨੂੰ ਉਸਦੇ ਸਾਥੀ ਸਮੇਤ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਹੈ।
ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਸ਼ਿਕਾਇਤ ਕਰਤਾ ਜੋਗਾ ਸਿੰਘ ਦੇ ਪੁੱਤ ਨਿਰਮਲ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ। ਨਿਰਮਲ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਸੀ ਅਤੇ ਪੁਲਿਸ ਨੇ ਉਸਦੇ ਘਰ ਤੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਸਨ। ਹਾਲਾਂਕਿ ਇਹ ਮੋਬਾਈਲ ਉਸ ਕੇਸ ਨਾਲ ਸਬੰਧਤ ਨਹੀਂ ਸਨ, ਪਰ ਪੁਲਿਸ ਵੱਲੋਂ ਇਹ ਮੋਬਾਈਲ ਛੱਡਣ ਦੇ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਆਖ਼ਰਕਾਰ ਸੌਦਾ 8 ਹਜ਼ਾਰ ‘ਤੇ ਤਹਿ ਹੋਇਆ।
ਵਿਜੀਲੈਂਸ ਬਿਊਰੋ ਨੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਸੁਖਦੇਵ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ। ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ ਅਨੁਸਾਰ ਸਾਰੇ ਐਸਐਚਓ ਨੂੰ ਸਾਫ਼-ਸੁਥਰੀ ਤੇ ਇਮਾਨਦਾਰ ਡਿਊਟੀ ਨਿਭਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਵਿਜੀਲੈਂਸ ਬਿਊਰੋ ਬਰਨਾਲਾ ਯੂਨਿਟ ਨੇ ਪੁਸ਼ਟੀ ਕੀਤੀ ਹੈ ਕਿ ਏਐਸਆਈ ਸੁਖਦੇਵ ਸਿੰਘ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।