ਫਗਵਾੜਾ-(ਮਨਦੀਪ ਕੌਰ )- ਪੰਜਾਬ ਦੇ ਵਿੱਚ ਆਏ ਦਿਨੀ ਗੋਲੀਆਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਅਜਿਹੀ ਹੀ ਇੱਕ ਵਾਰਦਾਤ ਫਗਵਾੜੇ ਦੇ ਹਦੀਆਬਾਦ ਇਲਾਕੇ ਵਿੱਚ ਸਥਿਤ ਵਾਲਮੀਕੀ ਮੁਹੱਲੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਮਾਮੂਲੀ ਜਿਹੀ ਬਹਿਸ ਤੋਂ ਬਾਅਦ ਸਫੇਦ ਰੰਗ ਦੀ ਕਰੇਟਾ ਦੇ ਵਿੱਚ ਆਏ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਦੇ ਸਾਰ ਹੀ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਨ ਅਵਿਨਾਸ਼ ਨਿਵਾਸੀ ਹਦੀਆਬਾਦ ਫਗਵਾੜਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਵਿਨਾਸ਼ ਵਿਆਹਿਆ ਹੋਇਆ ਸੀ ਅਤੇ ਉਸ ਦ ਇੱਕ ਬੱਚਾ ਵੀ ਸੀ। ਉਸੇ ਟਾਈਮ ਸਫੇਦ ਰੰਗ ਦੀ ਕਰੇਟਾ ਦੇ ਵਿੱਚ ਕੁਝ ਬਦਮਾਸ਼ ਆਏ ਅਤੇ ਅਵਿਨਾਸ਼ ਉੱਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਅਵਿਨਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਤਨਾਮਪੁਰਾ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਮ੍ਰਿਤਕ ਸਰੀਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਵੱਲੋਂ ਨਾ ਤਾਂ ਹਜੇ ਤੱਕ ਕੋਈ ਵੀ ਹਥਿਆਰ ਰਿਕਵਰ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਮ੍ਰਿਤਕ ਅਵਿਨਾਸ਼ ਢੋਲੀ ਦਾ ਕੰਮ ਕਰਦਾ ਸੀ। ਪੁਲਿਸ ਨੇ ਹਮਲਾਵਰਾਂ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ।

