ਜਲੰਧਰ -(ਮਨਦੀਪ ਕੌਰ )- ਮੁਹੱਲੇ ਦੇ ਕਲੀਨਿਕ ਵਿੱਚ ਡਾਕਟਰ ਬਣਨ ਦੀ ਟ੍ਰੇਨਿੰਗ ਲੈ ਰਹੇ ਇੱਕ ਨੌਜਵਾਨ ਨੂੰ ਉਸਦੇ ਸਾਥੀ ਦੇ ਸਮੇਤ 721 ਗ੍ਰਾਮ ਹੈਰੋਇਨ ਸਮੇਤ ਐਂਟੀ ਨਾਰਕੋਟਿਕ ਟਾਸਕ ਫੋਰਸ ਜਲੰਧਰ ਰੇਂਜ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਏਆਈਜੀ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਪਿੰਡ ਪੁਆਦੜਾ ਦੇ ਬੱਸ ਅੱਡੇ ਦੇ ਨਜ਼ਦੀਕ ਏਐਸਆਈ ਪਰਮਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਦੋਨੇ ਤਸਕਰਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪਿੰਡ ਭੈਣੀ ਹੁਸੇ ਖਾਂ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਾ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ। ਇਹਨਾਂ ਕੋਲੋਂ ਪਲਸਰ ਮੋਟਰਸਾਈਕਲ ( PB09 AP 8584) ਵੀ ਬਰਾਮਦ ਕੀਤੀ ਗਈ ਹੈ।
ਇਹਨਾਂ ਦੋਵਾਂ ਦੇ ਖਿਲਾਫ ਥਾਣਾ ਮੋਹਾਲੀ ਦੇ ਵਿੱਚ ਐਨਡੀਪੀਐਸ ਐਕਟ ਤਹਿਤ 293 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਇਹਨਾਂ ਦੋਵਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ । ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਕਿਸੇ ਕਲੀਨਿਕ ਦੇ ਵਿੱਚ ਡਾਕਟਰ ਬਣਨ ਦੀ ਟ੍ਰੇਨਿੰਗ ਲੈ ਰਿਹਾ ਹੈ। ਉਸ ਨੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਆਦਾ ਪੈਸੇ ਹੋਣ ਦੇ ਕਾਰਨ ਆਪਣੇ ਦੋਸਤ ਅਮਰਜੀਤ ਸਿੰਘ ਦੇ ਨਾਲ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ।

