ਤਰਨ ਤਾਰਨ -(ਮਨਦੀਪ ਕੌਰ )- ਜ਼ਿਲ੍ਹੇ ਦੇ ਕਸਬਾ ਫਤਿਆਬਾਦ ਵਿਖੇ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਫਤਿਆਬਾਦ ਦੇ ਨਿਵਾਸੀ ਸੰਜੂ ਕੁਮਾਰ (25) ਪੁੱਤਰ ਤਿਲਕ ਰਾਜ ਜੋ ਲੰਮੇਂ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਦੀ ਓਵਰਡੋਜ਼ ਕਰਕੇ ਮੌਤ ਹੋ ਗਈ। ਪਿਤਾ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਉਸਦੇ ਵੱਡੇ ਬੇਟੇ ਸਰਵਣ ਕੁਮਾਰ ਦੀ ਵੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਚੁੱਕੀ ਹੈ। ਤਿਲਕ ਰਾਜ ਨੇ ਦੱਸਿਆ ਕਿ ਉਸਦਾ ਘਰ ਨਸ਼ੇ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵੱਡਾ ਬੇਟਾ ਸਰਵਣ ਜੋ ਸ਼ਾਦੀਸ਼ੁਦਾ ਸੀ ਅਤੇ ਸੰਜੂ ਕੁਵਾਰਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ਾ ਖੁਲ੍ਹੇਆਮ ਵਿਕ ਰਿਹਾ ਹੈ, ਜਿਸ ਨੂੰ ਰੋਕਣ ’ਚ ਪੁਲਸ ਪ੍ਰਸ਼ਾਸਨ ਅਸਫਲ ਸਾਬਤ ਹੋ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਕਸਬਾ ਫਤਿਆਬਾਦ ਦੀ ਵਾਲਮੀਕਿ ਕਾਲੋਨੀ ਦੇ ਇਕ ਨੌਜਵਾਨ ਦੀ ਓਵਰਡੋਜ਼ ਦੇ ਚੱਲਦਿਆਂ ਮੌਤ ਹੋ ਗਈ ਸੀ।

