ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਮਲੇਰ ਕੋਟਲਾ ਰੋਡ ਉੱਤੇ ਜਗੇੜਾ ਨਹਿਰ ਦੇ ਵਿੱਚ ਇੱਕ ਪਿਕਅਪ ਗੱਡੀ ਡਿੱਗ ਗਈ। ਗੱਡੀ ਦੇ ਵਿੱਚ ਕੁੱਲ 26 ਲੋਕ ਸਵਾਰ ਸਨ। ਜਿਨਾਂ ਵਿੱਚੋਂ ਦੋ ਬੱਚਿਆਂ ਦੇ ਸਮੇਤ ਚਾਰ ਦੀ ਮੌਤ ਹੋ ਗਈ। ਨਾਲ ਹੀ ਤਿੰਨ ਤੋਂ ਚਾਰ ਲੋਕ ਲਾਪਤਾ ਹੋ ਗਏ । ਇਹ ਸਾਰੇ ਲੋਕ ਹਿਮਾਚਲ ਵਿੱਚੋਂ ਨੈਨਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਗੱਡੀ ਦੇ ਵਿੱਚ ਸਵਾਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚ ਸਵਾਰੀਆਂ ਦਾ ਲੋਡ ਜਿਆਦਾ ਹੋ ਗਿਆ ਸੀ ਜਿਸ ਦੇ ਕਾਰਨ ਜਦੋਂ ਗੱਡੀ ਓਵਰਟੇਕ ਕਰਨ ਲੱਗੀ ਤਾਂ ਇਸਦਾ ਸੰਤੁਲਨ ਵਿਗੜ ਗਿਆ ਅਤੇ ਇਹ ਨਹਿਰ ਦੇ ਵਿੱਚ ਡਿੱਗ ਗਈ।
ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ, ਮਨਜੀਤ ਕੌਰ, ਸੁਖਮਨ ਕੌਰ ਤੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਈਆਂ ਗਈਆਂ। ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਚੱਲਦਾ ਰਿਹਾ। ਜ਼ਖਮੀਆਂ ਵਿਚ ਸਰਬਜੀਤ ਕੌਰ, ਸੁਰਿੰਦਰ ਸਿੰਘ, ਜਸਵਿੰਦਰ ਕੌਰ, ਸਰਬਜੀਤ ਕੌਰ, ਸਵਰਨਜੀਤ ਕੌਰ, ਭਾਗ ਸਿੰਘ, ਕਾਕਾ ਸਿੰਘ, ਕਮਲਜੀਤ ਕੌਰ ਤੇ ਸੰਦੀਪ ਕੁਮਾਰ ਹਨ। ਇਹ ਸਾਰੇ ਹੁਸੈਨਪੁਰਾ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਹਿਮਾਂਸ਼ੂ ਜੈਨ, ਐੱਸਐੱਸਪੀ ਜੋਤੀ ਯਾਦਵ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਰਾਤ ਵਿਚ ਹੀ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚੇ। ਡੀਸੀ ਨੇ ਲੋਕਾਂ ਦਾ ਹਾਲ-ਚਾਲ ਜਾਣਿਆ ਤੇ ਡਾਕਟਰਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ।
ਗੱਲਬਾਤ ਕਰਦਿਆਂ ਹਿਮਾਂਸ਼ੂ ਜੈਨ ਨੇ ਕਿਹਾ ਕਿ ਜਗੇੜਾ ਪੁਲ ‘ਤੇ ਇਹ ਹਾਦਸਾ ਹੋਇਆ ਹੈ। ਅਜੇ ਤੱਕ ਦੀ ਜਾਣਕਾਰੀ ਮੁਤਾਬਕ ਗੱਡੀ ਵਿਚ ਕੁੱਲ 24 ਲੋਕ ਸਵਾਰ ਸਨ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿਚ ਪਲਟ ਗਈ। ਲਗਭਗ 22 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 2 ਲੋਕ ਜੋ ਲਾਪਤਾ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਕਿਹਾ ਕਿ ਲਗਭਗ ਪੌਣੇ 10 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਜਗੇੜਾ ਨਹਿਰ ਵਿਚ ਇਕ ਪਿਕਅੱਪ ਸਵਾਰੀਆਂ ਨਾਲ ਭਰਿਆ ਪਲਟ ਕੇ ਡਿੱਗ ਗਿਆ ਹੈ। ਇਸ ਦੇ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਓਵਰਲੋਡਿੰਗ ਕਾਰਨ ਹਾਦਸਾ ਵਾਪਰਿਆ ਹੈ। ਫਿਲਹਾਲ ਰੈਸਕਿਊ ਜਾਰੀ ਹੈ।