ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਸ਼ਹਿਰ ਦੇ ਵਿੱਚੋਂ ਇੱਕ ਰੂਹ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ । ਜਿੱਥੇ ਕੁਝ ਵਿਅਕਤੀਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਜੋ ਸਾਬਕਾ ਸਾਸੰਦ ਮੈਂਬਰ ਜਗਦੀਪ ਸਿੰਘ ਤਲਵੰਡੀ ਦਾ ਪੀਏ ਵੀ ਰਹਿ ਚੁੱਕਾ ਹੈ । ਜਾਣਕਾਰੀ ਮੁਤਾਬਿਕ ਇਹ ਘਟਨਾ ਲੁਧਿਆਣਾ ਦੇ ਦੁਗਰੀ ਇਲਾਕੇ ਦੀ ਹੈ ।ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਰਾਤ ਵੇਲੇ ਆਪਣੇ ਫਾਰਮ ਹਾਊਸ ਤੋਂ ਵਾਪਿਸ ਆ ਰਿਹਾ ਸੀ। ਜਿੱਥੋਂ ਇਕ ਸਵਿਫਟ ਕਾਰ ਉਸ ਦੇ ਪਿੱਛੇ ਲੱਗ ਗਈ । ਜਦੋਂ ਕੁਲਦੀਪ ਸਿੰਘ ਆਪਣੇ ਫਾਰਮ ਹਾਊਸ ਤੋਂ ਮੇਨ ਰੋਡ ਹਾਈਵੇ ਉੱਤੇ ਚੜਿਆ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਦੀ ਕਾਰ ਨੂੰ ਘੇਰਾ ਪਾ ਲਿਆ ਗਿਆ। ਉਹਨਾਂ ਵਿਅਕਤੀਆਂ ਨੇ ਕੁਲਦੀਪ ਸਿੰਘ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਨਾਲ ਹੀ ਉਸ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਕੁਲਦੀਪ ਸਿੰਘ ਰਸਤੇ ਵਿਚ ਆਉਣ -ਜਾਣ ਵਾਲੇ ਲੋਕਾਂ ਦੇ ਕੋਲੋਂ ਮਦਦ ਦੀ ਗੁਹਾਰ ਲਾਉਂਦਾ ਰਿਹਾ ਲੇਕਿਨ ਕਿਸੀ ਨੇ ਵੀ ਅੱਗੇ ਹੋ ਕੇ ਮਦਦ ਨਹੀਂ ਕੀਤੀ। ਜਦੋਂ ਉਹ ਬੇਹੋਸ਼ ਹੋ ਕੇ ਸੜਕ ਉੱਤੇ ਡਿੱਗ ਗਿਆ ਤਾਂ ਉਸ ਤੋਂ ਬਾਅਦ ਵੀ ਦੋਸ਼ੀਆਂ ਵੱਲੋਂ ਕੁਲਦੀਪ ਸਿੰਘ ਦੀ ਧੌਣ ਉੱਤੇ ਬਾਰ-ਬਾਰ ਤਲਵਾਰਾਂ ਦੇ ਨਾਲ ਵਾਰ ਕੀਤਾ ਗਿਆ। ਉਨਾਂ ਵੱਲੋਂ ਕੁਲਦੀਪ ਸਿੰਘ ਉੱਤੇ ਓਦੋਂ ਤੱਕ ਵਾਰ ਕੀਤੇ ਗਏ ਜਦੋਂ ਤੱਕ ਉਸਦੇ ਸਾਹ ਮੁੱਕ ਨਹੀਂ ਗਏ। ਜਿਸ ਤੋਂ ਬਾਅਦ ਮੁਜਰਮ ਮੌਕੇ ਉੱਤੋਂ ਫਰਾਰ ਹੋ ਗਏ।
ਇਸ ਸਾਰੇ ਘਟਨਾ ਦੀ ਇੱਕ ਵੀਡੀਓ ਕਿਸੇ ਰਾਹਗੀਰ ਵੱਲੋਂ ਬਣਾਈ ਗਈ ਹੈ। ਫਿਲਹਾਲ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਲਦੀਪ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਸੀ। ਕੁਝ ਸਮਾਂ ਉਹ ਵਿਦੇਸ਼ ਵਿੱਚ ਵੀ ਰਹਿ ਕੇ ਆਇਆ ਸੀ। ਆਪਣੇ ਜੱਦੀ ਪਿੰਡ ਦੇ ਨਾਲ ਪਿਆਰ ਹੋਣ ਦੇ ਕਰਕੇ ਉਹ ਲੁਧਿਆਣਾ ਦੇ ਵਿੱਚ ਰਹਿਣ ਲੱਗ ਗਿਆ। ਹੁਣ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਮਾਮਲਾ ਜਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਸ ਵਿੱਚ ਕੋਈ ਹੋਰ ਹੀ ਮਾਮਲਾ ਦਰਜ ਹੈ ।