ਪਟਿਆਲਾ -(ਮਨਦੀਪ ਕੌਰ )- ਪਟਿਆਲਾ ਦੇ ਵਿੱਚ ਪੈਂਦੇ ਪਿੰਡ ਚੰਨੋ ਦੇ ਵਿੱਚ ਇੱਕ ਪ੍ਰਾਈਵੇਟ ਔਰਬਿਟ ਕੰਪਨੀ ਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਬਸ ਪੂਰੀ ਤਰ੍ਹ ਅੱਗ ਦੀਆਂ ਲਪਟਾ ਦੇ ਵਿੱਚ ਆ ਗਈ। ਹਾਦਸੇ ਦੇ ਸਮੇਂ ਇਸ ਬੱਸ ਦੇ ਵਿੱਚ 20 ਤੋਂ 25 ਸਵਾਰੀਆਂ ਮੌਜੂਦ ਸਨ। ਬੱਸ ਦੇ ਵਿੱਚ ਅੱਗ ਲੱਗਦੇ ਸਾਰ ਹੀ ਮੌਕੇ ਤੇ ਚੀਕ ਚਿਹਾੜਾ ਪੈ ਗਿਆ। ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਨੇ ਤੁਰੰਤ ਦਮਕਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਸਾਰ ਹੀ ਦਮਕਲ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਨੂੰ ਕਾਬੂ ਪਾਣ ਵਿੱਚ ਲੱਗ ਗਈ। ਬੱਸ ਨੂੰ ਇੰਨੀ ਭਿਆਨਕ ਅੱਗ ਲੱਗੀ ਸੀ ਕਿ ਇਸ ਦਾ ਧੂਆਂ ਕਈ ਮੀਟਰ ਦੂਰੋਂ ਹੀ ਦੇਖਿਆ ਜਾ ਸਕਦਾ ਸੀ ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹੀ ਸਾਰੀਆਂ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਸੀ। ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਉਦੋਂ ਤੱਕ ਬਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ।
ਜਾਣਕਾਰੀ ਦੇ ਮੁਤਾਬਕ ਬੱਸ ਦੇ ਡਰਾਈਵਰ ਨੇ ਬੱਸ ਦੇ ਪਿੱਛੋਂ ਧੂਆਂ ਨਿਕਲਦੇ ਹੋਏ ਦੇਖਿਆ ਅਤੇ ਕੁਝ ਸੜਨ ਦੇ ਬਦਬੂ ਵੀ ਮਹਿਸੂਸ ਕੀਤੀ। ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਸੀ। ਦੇਖਦੇ ਹੀ ਦੇਖਦੇ ਅੱਗ ਨੇ ਬੱਸ ਦੇ ਪਿੱਛੇ ਰੱਖੇ ਇੰਜਨ ਅਤੇ ਏਸੀ ਵਾਲੇ ਕੈਬਿਨ ਨੂੰ ਪੂਰੀ ਤਰਹਾਂ ਆਪਣੀ ਚਪੇਟ ਦੇ ਵਿੱਚ ਲੈ ਲਿਆ। ਡਰਾਈਵਰ ਵਜੋਂ ਸਾਵਧਾਨੀ ਵਰਤਦੇ ਹੋਏ ਬੱਸ ਨੂੰ ਇੱਕ ਖੁੱਲੇ ਖੇਤਰ ਅਤੇ ਸੁਰਖਿਤ ਹਾਈਵੇ ਉੱਤੇ ਬੱਸ ਨੂੰ ਰੋਕਿਆ ਗਿਆ ਜਿੱਥੇ ਸਵਾਰੀਆਂ ਨੂੰ ਸੁਰੱਖਿਤ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਥੋਂ ਮੌਜੂਦ ਲੋਕਾਂ ਦੀ ਸਹਾਇਤਾ ਦੇ ਨਾਲ ਸਵਾਰੀਆਂ ਦਾ ਸਮਾਨ ਵੀ ਪਿੱਛਿਓਂ ਕੈਬਿਨ ਦੇ ਵਿੱਚੋਂ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਏਸੀ ਦੇ ਵਿੱਚ ਤਕਨੀਕੀ ਖਰਾਬੀ ਹੋਣ ਦੇ ਕਾਰਨ ਬੱਸ ਦੇ ਵਿੱਚ ਅੱਗ ਲੱਗੀ ਸੀ।

