ਫਿਰੋਜ਼ਪੁਰ -(ਮਨਦੀਪ ਕੌਰ )- ਫਿਰੋਜ਼ਪੁਰ ਦੇ ਪਿੰਡ ਮੱਖੂ ਤੋਂ ਮੱਲਾਂਵਾਲਾ ਵੈਲ ਮੋਟਰਸਾਈਕਲ ਉੱਤੇ ਆ ਰਹੇ ਇੱਕ ਨੌਜਵਾਨ ਅਤੇ ਉਸ ਦੀ ਭੈਣ ਦੇ ਨਾਲ ਇੱਕ ਤੇਜ਼ ਰਫਤਾਰ ਅਤੇ ਲਾਪਰਵਾਹੀ ਦੇ ਨਾਲ ਚਲਾ ਰਹੀ ਆਈ 20 ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਦੋਨਾਂ ਭੈਣ ਭਰਾਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਘਟਨਾ ਦੇ ਸਬੰਧੀ ਥਾਣਾ ਮੱਲਾਂਵਾਲਾ ਦੀ ਪੁਲਸ ਵੱਲੋਂ ਕਾਰ ਚਾਲਕ ਭੋਲਾ ਪੁੱਤਰ ਕਰਨੈਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਸਤੀ ਆਸਾ ਸਿੰਘ ਵਾਲੀ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਤੀਜਾ ਗੁਰਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਸਤੀ ਆਸਾ ਸਿੰਘ ਵਾਲੀ ਆਪਣੀ ਮਾਸੀ ਦੀ ਲੜਕੀ ਰਾਜਵਿੰਦਰ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਸਾਬੂ ਵਾਲਾ ਜ਼ਿਲਾ ਜਲੰਧਰ ਨਾਲ ਆਪਣੇ ਮੋਟਰਸਾਈਕਲ ’ਤੇ ਮੱਖੂ ਸਾਈਡ ਤੋਂ ਆ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਕਾਰ ਚਲਾ ਰਹੇ ਚਾਲਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਅਤੇ ਉਸ ਦੀ ਮਾਸੀ ਦੀ ਲੜਕੀ ਰਾਜਵਿੰਦਰ ਕੌਰ ਦੀ ਮੌਤ ਹੋਈ। ਪੁਲਸ ਵੱਲੋਂ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।